ਐੱਫ. ਆਈ. ਐੱਚ ਪ੍ਰੋ ਲੀਗ : ਇੰਗਲੈਂਡ ''ਤੇ ਜਿੱਤ ਦਰਜ ਕਰਕੇ ਚੋਟੀ ''ਤੇ ਪੁੱਜਣ ਦੀ ਕੋਸ਼ਿਸ਼ ਕਰੇਗਾ ਭਾਰਤ

04/02/2022 1:55:04 PM

ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਐੱਫ. ਆਈ. ਐੱਚ. ਪ੍ਰਰੋ ਲੀਗ ਵਿਚ ਅੱਠ ਮੈਚਾਂ ਤੋਂ ਬਾਅਦ ਚੰਗੀ ਸਥਿਤੀ ਵਿਚ ਹੈ ਤੇ ਇੰਗਲੈਂਡ ਖ਼ਿਲਾਫ਼ ਸ਼ਨੀਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਦੋ ਮੈਚਾਂ ਵਿਚ ਜਿੱਤ ਦਰਜ ਕਰ ਕੇ ਉਹ ਸੂਚੀ ਵਿਚ ਸਿਖਰ 'ਤੇ ਪੁੱਜਣ ਦੀ ਕੋਸ਼ਿਸ਼ ਕਰੇਗੀ। ਇਸ ਮੁਕਾਬਲੇ ਦਾ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਟੋਕੀਓ ਓਲੰਪਿਕ ਦੇ ਕਾਂਸੇ ਦਾ ਮੈਡਲ ਜੇਤੂ ਭਾਰਤ ਨੇ ਹੁਣ ਤਕ ਇਸ ਸੈਸ਼ਨ ਵਿਚ ਅੱਠ ਮੈਚ ਖੇਡੇ ਹਨ ਤੇ ਉਹ 16 ਅੰਕਾਂ ਨਾਲ ਜਰਮਨੀ (17 ਅੰਕਾਂ) ਤੋਂ ਬਾਅਦ ਸੂਚੀ ਵਿਚ ਦੂਜੇ ਸਥਾਨ 'ਤੇ ਹੈ।

ਇੰਗਲੈਂਡ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਡਿਫੈਂਸ ਲਾਈਨ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਜੋ ਦਬਾਅ ਵਿਚ ਨਾਕਾਮ ਹੋ ਜਾਂਦੀ ਹੈ। ਭਾਰਤ ਨੇ ਕੁਝ ਗੋਲ ਆਸਾਨੀ ਨਾਲ ਗੁਆਏ ਹਨ ਤੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਟੀਮ ਨੂੰ ਆਪਣੇ ਡਿਫੈਂਸ ਵਿਚ ਸੁਧਾਰ ਕਰਨਾ ਪਵੇਗਾ। ਭਾਰਤ ਦੇ ਫਾਰਵਰਡ ਖਿਡਾਰੀਆਂ ਨੇ ਹਾਲਾਂਕਿ ਚੰਗਾ ਪ੍ਰਦਰਸ਼ਨ ਕਰ ਕੇ ਅੱਠ ਮੈਚਾਂ ਵਿਚ 42 ਗੋਲ ਕੀਤੇ ਹਨ। ਮਨਦੀਪ ਸਿੰਘ ਖ਼ਾਸ ਤੌਰ 'ਤੇ ਵਿਰੋਧੀ ਟੀਮ ਦੇ ਸਰਕਲ ਅੰਦਰ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕੁਝ ਮਹੱਤਵਪੂਰਨ ਗੋਲ ਕੀਤੇ ਹਨ ਜਿਨ੍ਹਾਂ ਵਿਚ ਅਰਜਨਟੀਨਾ ਖ਼ਿਲਾਫ਼ ਆਖ਼ਰੀ ਮਿੰਟ ਵਿਚ ਕੀਤਾ ਗਿਆ ਜੇਤੂ ਗੋਲ ਵੀ ਸ਼ਾਮਲ ਹਨ। 

ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕਾਂਤ ਸ਼ਰਮਾ ਤੇ ਸੁਮਿਤ ਵਰਗੇ ਖਿਡਾਰੀਆਂ 'ਤੇ ਨਜ਼ਰ ਰਹੇਗੀ। ਟੀਮ ਵਿਚ ਚਾਰ ਵਿਸ਼ਵ ਪੱਧਰੀ ਡਰੈਗ ਫਲਿੱਕਰ ਹਰਮਨਪ੍ਰਰੀਤ ਸਿੰਘ, ਅਮਿਤ ਰੋਹੀਦਾਸ, ਵਰੁਣ ਕੁਮਾਰ ਤੇ ਨੌਜਵਾਨ ਜੁਗਰਾਜ ਸਿੰਘ ਹਨ ਜਿਸ ਨਾਲ ਭਾਰਤ ਆਪਣੇ ਵਿਰੋਧੀਆਂ 'ਤੇ ਮਜ਼ਬੂਤ ਨਜ਼ਰ ਆਉਂਦਾ ਹੈ। ਜੁਗਰਾਜ ਨੇ ਸੀਨੀਅਰ ਟੀਮ ਵਿਚ ਸ਼ੁਰੂਆਤ ਕਰਨ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਅਰਜਨਟੀਨਾ ਖ਼ਿਲਾਫ਼ ਦੂਜੇ ਮੈਚ ਵਿਚ ਦੋ ਗੋਲ ਕੀਤੇ ਸਨ। ਭਾਰਤ ਨੇ ਇਸ ਤੋਂ ਪਹਿਲਾਂ ਆਖ਼ਰੀ ਵਾਰ ਇੰਗਲੈਂਡ ਨਾਲ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਮੁਕਾਬਲਾ ਕੀਤਾ ਸੀ ਜਿਸ ਵਿਚ ਉਸ ਨੇ 3-1 ਨਾਲ ਜਿੱਤ ਹਾਸਲ ਕੀਤੀ ਸੀ। ਭਾਰਤੀ ਟੀਮ ਹੁਣ ਵਿਸ਼ਵ ਰੈਂਕਿੰਗ ਵਿਚ ਚੌਥੇ, ਜਦਕਿ ਇੰਗਲੈਂਡ ਸੱਤਵੇਂ ਸਥਾਨ 'ਤੇ ਹੈ। ਇੰਗਲੈਂਡ ਹੁਣ ਦੋ ਜਿੱਤਾਂ ਤੇ ਇੰਨੀਆਂ ਹੀ ਹਾਰਾਂ ਨਾਲ ਛੇ ਅੰਕਾਂ ਨਾਲ ਪ੍ਰਰੋ ਲੀਗ ਸੂਚੀ ਵਿਚ ਸੱਤਵੇਂ ਸਥਾਨ 'ਤੇ ਹੈ। 

Tarsem Singh

This news is Content Editor Tarsem Singh