ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੀਆਂ ਤਿਆਰੀਆਂ ਤੋਂ ਖੁਸ਼ ਹਾਂ : ਵਿਜੇ ਗੋਇਲ

07/05/2017 9:28:11 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਰਾਜਧਾਨੀ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਦਾ ਬੁੱਧਵਾਰ ਨੂੰ ਨਿਰੀਖਣ ਕਰਨ ਤੋਂ ਬਾਅਦ ਤਿਆਰੀਆਂ 'ਤੇ ਸੰਤੋਸ਼ ਜਤਾਇਆ ਹੈ। ਇਸ ਸਟੇਡੀਅਮ 'ਚ ਅਕਤੂਬਰ 'ਚ ਹੋਣ ਵਾਲੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੇ ਮੁਕਾਬਲੇ ਆਯੋਜਿਤ ਹੋਣਗੇ। ਗੋਇਲ ਨੇ ਅਧਿਕਾਰੀਆਂ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਕੰਮ ਅਤੇ ਨਵੀਕਰਣ ਦੀ ਵਰਤਮਾਨ ਸਥਿਤੀ ਤੋਂ ਜਾਣੂ ਕਰਾਇਆ ਗਿਆ। ਗੋਇਲ ਨੇ ਕਿਹਾ ਕਿ ਮੈਂ ਤਿਆਰੀਆਂ ਦੀ ਤਰੱਕੀ ਅਤੇ ਗਤੀ ਤੋਂ ਖੁਸ਼ ਹਾਂ। 90 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ।
ਗੋਇਲ ਨੇ ਇੱਥੇ ਵੀ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਅਤੇ ਸਬੰਧਿਤ ਪੱਖਾਂ ਨਾਲ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਅਤੇ ਬਾਕੀ ਕੰਮਾਂ ਨੂੰ ਸਮੇਂ ਮੁਤਾਬਕ ਤਰੀਕੇ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਖੇਡ ਮੰਤਰੀ ਨੇ ਪੁਸ਼ਟੀ ਕੀਤੀ ਕਿ ਅਧਿਕਾਰਿਕ ਪ੍ਰੋਗਰਾਮ ਮੁਤਾਬਕ ਭਾਰਤ ਆਪਣੇ ਗਰੁੱਪ ਦੇ ਸਾਰੇ (ਕੁੱਲ3 ਮੈਚ) ਦਿੱਲੀ 'ਚ ਖੇਡੇਗਾ। ਗੋਇਲ ਨੇ ਕਿਹਾ ਕਿ ਫੁੱਟਬਾਲ ਅਤੇ ਆਗਾਮੀ ਵਿਸ਼ਵ ਕੱਪ ਨੂੰ ਲੋਕਪ੍ਰਿਯ ਬਣਾਉਣ ਲਈ ਅਸੀਂ ਮਿਸ਼ਨ 11 ਮਿਲੀਅਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਫੁੱਟਬਾਲ ਨੂੰ ਦੇਸ਼ ਭਰ 'ਚ ਇਕ ਕਰੋੜ 10 ਲੱਖ ਬੱਚਿਆਂ ਤੱਕ ਪਹੁੰਚਾਇਆ ਜਾ ਸਕੇ ਅਤੇ ਖੇਡ ਭਾਵਨਾ 'ਚ ਵਾਧਾ ਕੀਤਾ ਜਾ ਸਕੇ। ਗੋਇਲ ਨੇ ਇਹ ਵੀ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਮੈਚ ਦੇਖਣ ਲਈ ਸੱਦਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਖੇਡ 'ਚ ਰੂਚੀ ਲੈਣ, ਖੇਡਣ ਲਈ ਉਤਸਾਹਿਤ ਕੀਤਾ ਜਾਵੇਗਾ। ਇਸ ਨਾਲ ਦੇਸ਼ 'ਚ ਸਪੋਰਟਸ ਕਲਚਰ ਦਾ ਵਿਕਾਸ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਭਾਰਤ ਵੱਖ-ਵੱਖ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਹਾਲ ਹੀ 'ਚ ਅਸੀਂ ਕਈ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ ਅਤੇ ਅਸੀਂ ਹਰ ਸੰਭਵ ਸਹਾਇਤਾ ਕਰ ਕੇ ਉਨ੍ਹਾਂ ਨੂੰ ਉਤਸਾਹਿਤ ਕਰਦੇ ਰਹਾਂਗੇ। ਖੇਡ ਮੰਤਰੀ ਨੇ ਆਗਾਮੀ ਵਿਸ਼ਵ ਕੱਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਾਰੇ ਮੈਚ ਸਥਾਨਾਂ ਦਾ ਜਾਇਜਾ ਲਿਆ ਹੈ।