FIFA 2022 : ਅਮਰੀਕਾ ਨੇ ਈਰਾਨ ਨੂੰ 1-0 ਨਾਲ ਹਰਾ ਕੇ ਨਾਕਆਊਟ ਪੜਾਅ ਲਈ ਕੀਤਾ ਕੁਆਲੀਫਾਈ

11/30/2022 3:40:41 PM

ਅਲ ਥੁਮਾਮਾ : ਅਮਰੀਕਾ ਨੇ ਬੁੱਧਵਾਰ ਨੂੰ ਅਲ ਥੁਮਾਮਾ ਸਟੇਡੀਅਮ ਵਿੱਚ ਗਰੁੱਪ ਬੀ ਦੇ ਆਪਣੇ ਆਖ਼ਰੀ ਮੈਚ ਵਿੱਚ ਈਰਾਨ ਨੂੰ 1-0 ਨਾਲ ਹਰਾ ਕੇ ਨਾਕਆਊਟ ਪੜਾਅ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਮੈਚ ਦੀ ਸ਼ੁਰੂਆਤ ਤੋਂ ਹੀ ਅਮਰੀਕੀ ਟੀਮ ਨੇ ਆਪਣੀ ਖੇਡ ਨੂੰ ਰਫਤਾਰ ਦੇਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਨੂੰ ਵਿਸ਼ਵ ਕੱਪ ਦੇ ਨਾਕਆਊਟ ਪੜਾਅ 'ਤੇ ਜਾਣ ਲਈ ਜਿੱਤ ਦੀ ਲੋੜ ਸੀ।

ਕ੍ਰਿਸ਼ਚੀਅਨ ਪੁਲਿਸਿਕ ਅਮਰੀਕਾ ਦੇ ਹੀਰੋ ਵਜੋਂ ਸਾਹਮਣੇ ਆਇਆ, ਜਿਸ ਨੇ ਮੈਚ ਦੇ 38ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਇਰਾਨ ਖ਼ਿਲਾਫ਼ 1-0 ਦੀ ਅਹਿਮ ਬੜ੍ਹਤ ਦਿਵਾਈ। ਪਹਿਲੇ ਹਾਫ ਦੇ ਆਖ਼ਰੀ ਮਿੰਟਾਂ ਵਿੱਚ, ਅਮਰੀਕਾ ਕੋਲ ਇੱਕ ਹੋਰ ਮੌਕਾ ਸੀ, ਪਰ ਰੈਫਰੀ ਨੇ ਅਮਰੀਕੀ ਸਟ੍ਰਾਈਕਰ ਟਿਮੋਥੀ ਵੇਹ ਨੂੰ ਆਫਸਾਈਡ ਕਰਾਰ ਦਿੱਤਾ, ਜਿਸ ਨਾਲ ਉਹ ਈਰਾਨ ਉੱਤੇ ਦੋ ਗੋਲਾਂ ਦੀ ਬੜ੍ਹਤ ਤੋਂ ਖੁੰਝ ਗਏ।

ਇਹ ਵੀ ਪੜ੍ਹੋ : Ind vs NZ : ਮੀਂਹ ਕਾਰਨ ਤੀਜਾ ਵਨਡੇ ਮੈਚ ਹੋਇਆ ਰੱਦ, ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼

ਟੀਮਾਂ ਵਿਚਾਲੇ ਪਹਿਲਾ ਹਾਫ ਰੋਮਾਂਚਕ ਰਿਹਾ ਕਿਉਂਕਿ ਦੋਵਾਂ ਲਈ ਕਾਫੀ ਕੁਝ ਦਾਅ 'ਤੇ ਸੀ। ਹਾਲਾਂਕਿ ਪਹਿਲੇ ਹਾਫ 'ਚ ਅਮਰੀਕਾ ਪੂਰੀ ਤਰ੍ਹਾਂ ਹਾਵੀ ਰਿਹਾ ਅਤੇ ਟੀਮ ਨੇ ਪਹਿਲੇ ਹਾਫ ਦੇ ਅੰਤ ਤੱਕ 1-0 ਦੀ ਬੜ੍ਹਤ ਬਣਾਈ ਰੱਖੀ। ਇਸ ਦੇ ਨਾਲ ਹੀ ਦੂਜੇ ਹਾਫ 'ਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ, ਅਮਰੀਕਾ ਨੇ ਈਰਾਨ ਨੂੰ ਮੈਚ 'ਚ ਕੋਈ ਮੌਕਾ ਨਹੀਂ ਦਿੱਤਾ। 

ਪੂਰੇ ਮੈਚ 'ਚ ਈਰਾਨ ਸਿਰਫ ਇਕ ਸ਼ਾਟ ਹੀ ਟਾਰਗੇਟ 'ਤੇ ਰੱਖ ਸਕੀ ਪਰ ਉਸ ਨੂੰ ਵੀ ਅਮਰੀਕਾ ਦੇ ਗੋਲਕੀਪਰ ਨੇ ਗੋਲ 'ਚ ਨਹੀਂ ਬਦਲਣ ਦਿੱਤਾ ਅਤੇ ਅਮਰੀਕਾ ਨੇ ਮੈਚ ਦੇ ਆਖਰੀ ਸੀਟੀ ਨਾਲ ਇਹ ਮੈਚ 1-0 ਨਾਲ ਜਿੱਤ ਲਿਆ। ਇਸ ਮੈਚ 'ਚ ਜਿੱਤ ਨਾਲ ਅਮਰੀਕਾ 5 ਅੰਕਾਂ ਨਾਲ ਗਰੁੱਪ-ਬੀ 'ਚੋਂ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ। ਇੰਗਲੈਂਡ ਨੇ ਬੁੱਧਵਾਰ ਨੂੰ ਖੇਡੇ ਗਏ ਗਰੁੱਪ-ਬੀ ਦੇ ਆਪਣੇ ਆਖਰੀ ਮੈਚ 'ਚ 3-0 ਨਾਲ ਨਾਲ ਜਿੱਤ ਦਰਜ ਕੀਤੀ ਸੀ। ਗਰੁੱਪ ਬੀ ਵਿੱਚ ਇੰਗਲੈਂਡ 7 ਅੰਕਾਂ ਨਾਲ ਚੋਟੀ ਦੀ ਟੀਮ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh