FIFA 2022 : ਆਸਟ੍ਰੇਲੀਆ ਨੇ ਬਣਾਈ ਆਖਰੀ-16 ’ਚ ਜਗ੍ਹਾ

12/01/2022 1:16:43 AM

ਸਪੋਰਟਸ ਡੈਸਕ : ਆਸਟ੍ਰੇਲੀਆ ਨੇ ਗਰੁੱਪ-ਡੀ ਦੇ ਮੈਚ ਵਿਚ ਡੈੱਨਮਾਰਕ ਨੂੰ 1-0 ਨਾਲ ਹਰਾ ਕੇ ਆਖਰੀ-16 ਵਿਚ ਜਗ੍ਹਾ ਬਣਾ ਲਈ। ਅਲ ਵਾਕਰਾਹ ਦੇ ਅਲ ਜੇਨੋਬ ਸਟੇਡੀਅਮ ਵਿਚ ਆਸਟ੍ਰੇਲੀਆ ਨੇ ਮੈਥਿਊ ਲੇਕੀ ਦੇ 60ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਦੁਨੀਆ ਦੀ 10ਵੇਂ ਨੰਬਰ ਦੀ ਟੀਮ ਡੈੱਨਮਾਰਕ ਨੂੰ ਗਰੁੱਪ ਗੇੜ ਵਿਚੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ। ਲੇਕੀ ਦਾ ਗੋਲ ਆਸਟ੍ਰੇਲੀਆ ਤੇ ਡੈੱਨਮਾਰਕ ਮੁਕਾਬਲੇ ਵਿਚਾਲੇ ਖਿੱਚ ਦਾ ਕੇਂਦਰ ਰਿਹਾ। ਲੇਕੀ ਨੂੰ ਮੈਦਾਨ ਦੇ ਲਗਭਗ ਵਿਚਾਲੇ ਵਿਚ ਪਾਸ ਮਿਲਿਆ ਤੇ ਉਹ ਇਕੱਲਾ ਹੀ ਡੈੱਨਮਾਰਕ ਦੀ ਰੱਖਿਆ ਲਾਈਨ ਵਿਚ ਸੰਨ੍ਹ ਲਗਾਉਂਦਾ ਹੋਇਆ ਅੱਗੇ ਵਧਦਾ ਰਿਹਾ।

ਉਸ ਨੇ ਵਿਰੋਧੀ ਟੀਮ ਦੇ ਗੋਲਾਂ ਨੇੜੇ ਪਹੁੰਚ ਕੇ ਖੱਬੇ ਪੈਰ ਨਾਲ ਸ਼ਾਟ ਲਗਾਈ ਤੇ ਡੈੱਨਮਾਰਕ ਦੇ ਗੋਲਕੀਪਰ ਕਾਸਪਰ ਸ਼ਮਾਈਕਲ ਖੱਬੇ ਪਾਸੇ ਛਲਾਂਗ ਲਗਾਉਣ ਦੇ ਬਾਵਜੂਦ ਬਾਲ ਨੂੰ ਗੋਲਾਂ ਵਿਚ ਜਾਣ ਤੋਂ ਨਹੀਂ ਰੋਕ ਸਕਿਆ। ਆਸਟ੍ਰੇਲੀਆ ਦੀ  ਵਿਸ਼ਵ ਕੱਪ ਦੇ 19 ਮੈਚਾਂ ਵਿਚ ਇਹ ਸਿਰਫ ਚੌਥੀ ਜਿੱਤ ਹੈ ਪਰ ਇਸਦੀ ਬਦੌਲਤ ਟੀਮ 2006 ਤੋਂ ਬਾਅਦ ਦੂਜੀ ਵਾਰ ਨਾਕਆਊਟ ਗੇੜ ਵਿਚ ਪ੍ਰਵੇਸ਼ ਕਰਨ ਵਿਚ ਸਫਲ ਰਹੀ।

ਆਸਟ੍ਰੇਲੀਆ ਦੇ 3 ਮੈਚਾਂ ਵਿਚੋਂ 2 ਜਿੱਤਾਂ ਨਾਲ 6 ਅੰਕ ਰਹੇ ਜਦਕਿ ਡੈੱਨਮਾਰਕ 3 ਮੈਚਾਂ ਵਿਚੋਂ 1 ਡਰਾਅ ਤੇ 2 ਹਾਰ ਤੋਂ ਬਾਅਦ 1 ਅੰਕ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਅਾਖਰੀ ਸਥਾਨ ’ਤੇ ਰਿਹਾ।  ਚਾਰ ਦਸੰਬਰ ਨੂੰ ਹੋਣ ਵਾਲੇ ਪ੍ਰੀ ਕੁਆਰਟਰ ਫਾਈਨਲ ਵਿਚ ਹੁਣ ਫਰਾਂਸ ਦਾ ਸਾਹਮਣਾ ਗਰੁੱਪ-ਸੀ ਵਿਚ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ ਜਦਕਿ ਆਸਟ੍ਰੇਲੀਆ ਗਰੁੱਪ-ਸੀ ਵਿਚ ਚੋਟੀ ’ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ।

Mandeep Singh

This news is Content Editor Mandeep Singh