ਫੈਡਰਰ ਤੇ ਨਡਾਲ ''ਚ ਘਟਿਆ ਫਰਕ, ਸ਼ਾਰਾਪੋਵਾ ਦੀ ਲੰਬੀ ਛਲਾਂਗ

10/17/2017 3:50:04 AM

ਨਵੀਂ ਦਿੱਲੀ— ਸ਼ੰਘਾਈ ਵਿਚ ਆਪਣਾ ਦੂਜਾ ਸ਼ੰਘਾਈ ਮਾਸਟਰ ਖਿਤਾਬ ਜਿੱਤਣ ਵਾਲੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਵਿਸ਼ਵ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਤੋਂ ਆਪਣਾ ਫਰਕ ਘੱਟ ਕਰ ਲਿਆ ਹੈ, ਜਦਕਿ ਤਿਆਨਜਿਨ ਵਿਚ ਢਾਈ ਸਾਲ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਣ ਵਾਲੀ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਵਿਸ਼ਵ ਰੈਂਕਿੰਗ ਵਿਚ 29 ਸਥਾਨਾਂ ਦੀ ਲੰਬੀ ਛਲਾਂਗ ਲਾਈ ਹੈ।
ਸ਼ੰਘਾਈ ਮਾਸਟਰ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਡਾਲ ਦੇ 9875 ਏ. ਟੀ. ਪੀ. ਅੰਕ ਸਨ, ਜਦਕਿ ਫੈਡਰਰ ਦੇ 7505 ਏ. ਟੀ. ਪੀ. ਅੰਕ ਸਨ। 


ਨਡਾਲ ਨੂੰ ਫਾਈਨਲ 'ਚ ਪਹੁੰਚਣ ਤੋਂ 590 ਅੰਕ ਮਿਲੇ। ਫੈਡਰਰ ਦੇ ਹਿੱਸੇ 'ਚ ਖਿਤਾਬ ਜਿੱਤਣ ਤੋਂ 1000 ਅੰਕ ਆਏ। ਸ਼ੰਘਾਈ ਮਾਸਟਰ ਤੋਂ ਪਹਿਲਾਂ ਦੋਵਾਂ ਵਿਚਾਲੇ 2370 ਅੰਕਾਂ ਦਾ ਫਰਕ ਸੀ, ਜਿਹੜਾ ਹੁਣ ਘਟ ਕੇ 1960 ਆ ਗਿਆ ਹੈ।
ਇਸ ਵਿਚਾਲੇ ਤਿਆਨਜਿਨ 'ਚ ਖਿਤਾਬ ਜਿੱਤਣ ਵਾਲੀ ਸ਼ਾਰਾਪੋਵਾ ਨੇ ਵਿਸ਼ਵ ਰੈਂਕਿੰਗ 'ਚ 29 ਸਥਾਨਾਂ ਦੀ ਛਲਾਂਗ ਲਾਈ ਹੈ ਤੇ ਉਹ 57ਵੇਂ ਨੰਬਰ 'ਤੇ ਪਹੁੰਚ ਗਈ ਹੈ। ਮਹਿਲਾ ਰੈਂਕਿੰਗ 'ਚ ਰੋਮਾਨੀਆ ਦੀ ਸਿਮੋਨਾ ਹਾਲੇਪ ਤੇ ਸਪੇਨ ਦੀ ਗਰਬਾਈ ਮੁਗੁਰੂਜਾ ਚੋਟੀ ਦੇ ਸਥਾਨਾਂ 'ਤੇ ਬਰਕਰਾਰ ਹਨ।