ਐਰੋਫਲੋਟ ਓਪਨ ਸ਼ਤਰੰਜ-2018 ''ਚ ਈਸ਼ਾ-ਕਾਰਤੀਕੇਅਨ ਨੇ ਕੀਤਾ ਉਲਟਫੇਰ

02/25/2018 12:18:52 AM

ਨਵੀਂ ਦਿੱਲੀ— ਦੁਨੀਆ ਦਾ ਸਭ ਤੋਂ ਸਖਤ ਤੇ ਮਜ਼ਬੂਤ ਗ੍ਰੈਂਡ ਮਾਸਟਰ ਓਪਨ ਮੰਨੇ ਜਾਣ ਵਾਲੇ ਐਰੋਫਲੋਟ ਓਪਨ-2018 ਦੇ ਚੌਥੇ ਰਾਊਂਡ ਵਿਚ ਦੁਨੀਆ ਭਰ ਦੇ ਧਾਕੜ ਖਿਡਾਰੀਆਂ ਵਿਚਾਲੇ ਭਾਰਤ ਦੀ ਮਹਿਲਾ ਖਿਡਾਰੀ ਇੰਟਰਨੈਸ਼ਨਲ ਮਾਸਟਰ ਈਸ਼ਾ ਕਰਵਾੜੇ, ਜਿਸ ਨੂੰ ਐਰੋਫਲੋਟ ਦੇ ਵਰਗ-ਏ ਵਿਚ ਆਖਰੀ 92ਵਾਂ ਦਰਜਾ ਦਿੱਤਾ ਗਿਆ ਹੈ, ਸ਼ਾਨਦਾਰ ਖੇਡ ਦੀ ਬਦੌਲਤ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਾ ਪਹੁੰਚੀ ਹੈ। ਉਸ ਨੇ ਚੌਥੇ ਰਾਊਂਡ ਵਿਚ 26ਵਾਂ ਦਰਜਾ ਕਜ਼ਾਕਿਸਤਾਨ ਦੇ ਜੁਮਾਵਯੇਵ ਰੀਨਾਤ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਈਰਾਨ ਦੇ 46ਵਾਂ ਦਰਜਾ ਪ੍ਰਾਪਤ ਐੱਮ. ਅਮੀਨ ਨੂੰ ਹਾਰ ਦਾ ਸਵਾਦ ਚਖਾਇਆ ਸੀ ਤੇ ਦੂਜਾ ਦਰਜਾ ਵਿਦਿਤ ਗੁਜਰਾਤੀ ਤੇ 30ਵਾਂ ਦਰਜਾ ਪ੍ਰਾਪਤ ਵੇਂ ਯਾਨ ਨਾਲ ਡਰਾਅ ਖੇਡਿਆ ਸੀ।
ਉਥੇ ਹੀ ਦੂਜੇ ਰਾਊਂਡ 'ਚ ਮਿਲੀ ਹਾਰ ਤੋਂ ਉੱਭਰਦੇ ਹੋਏ ਭਾਰਤ ਦੇ ਮੁਰਲੀ ਕਾਰਤੀਕੇਅਨ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਦਿਆਂ ਵਾਪਸੀ ਕੀਤੀ। ਉਸ ਨੇ ਚੌਥਾ ਦਰਜਾ ਪ੍ਰਾਪਤ ਅਜਰਬੈਜਾਨ ਦੇ ਗ੍ਰੈਂਡ ਮਾਸਟਰ ਮਾਮੇਦੋਵ ਰੌਫ ਨੂੰ ਹਰਾਉਂਦਿਆਂ ਵੱਡਾ ਉਲਟਫੇਰ ਕੀਤਾ ਤੇ ਇਸ ਜਿੱਤ ਨਾਲ 43ਵਾਂ ਦਰਜਾ ਮੁਰਲੀ ਤੇ 92ਵਾਂ ਦਰਜਾ ਈਸ਼ਾ 3 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ। ਪਹਿਲੇ ਸਥਾਨ 'ਤੇ ਰੂਸ ਦੇ ਅਰਟੇਮਿਵ ਬਲਾਦਿਸਲਾਵ, ਮਲਦੋਵ ਦਾ ਵਿਕਟਰ ਬੋਲੋਗਨ ਤੇ ਅਰਮੀਨੀਆ ਦਾ ਤਿਰਗਾਨ ਪੇਟ੍ਰੋਸਿਯਨ 3.5 ਅੰਕ ਬਣਾ ਕੇ ਖੇਡ ਰਿਹਾ ਹੈ।
ਵਿਦਿਤ, ਸ਼ਸ਼ੀ ਕਿਰਣ ਤੇ ਸੇਥੂਰਮਨ ਨੂੰ ਲਾਉਣਾ ਪਵੇਗਾ ਜ਼ੋਰ
ਭਾਰਤ ਦੀਆਂ ਤਿੰਨ ਪ੍ਰਮੁੱਖ ਉਮੀਦਾਂ ਵਿਦਿਤ ਗੁਜਰਾਤੀ, ਕ੍ਰਿਸ਼ਣਨ ਸ਼ਸ਼ੀ ਕਿਰਣ ਤੇ ਐੱਸ. ਪੀ. ਸੇਥੂਰਮਨ ਫਿਲਹਾਲ ਹੁਣ ਤਕ ਪ੍ਰਭਾਵਿਤ ਨਹੀਂ ਕਰ ਸਕੇ ਹਨ ਅਤੇ ਉਮੀਦ ਹੈ ਕਿ ਉਹ ਅਗਲੇ ਮੁਕਾਬਲੇ 'ਚ ਜ਼ੋਰ ਲਗਾ ਕੇ  ਜਲਦ ਵਾਪਸੀ ਕਰਨਗੇ।  ਫਿਲਹਾਲ ਵਿਦਿਤ ਤੇ ਸ਼ਸ਼ੀ 4 ਡਰਾਅ ਨਾਲ 2 ਅੰਕਾਂ 'ਤੇ ਖੇਡ ਰਹੇ ਹਨ, ਹਾਲਾਂਕਿ ਅਰਵਿੰਦ ਚਿਦਾਂਬਰਮ, ਸੇਥੂਰਮਨ 2.5 ਅੰਕਾਂ 'ਤੇ ਖੇਡ ਰਹੇ ਹਨ।