ENG vs WI : ਹਾਰ ਦੀ ਰਾਹ ''ਤੇ ਵਿੰਡੀਜ਼, ਸੀਰੀਜ਼ ਜਿੱਤ ਤੋਂ 8 ਵਿਕਟਾਂ ਦੂਰ ਇੰਗਲੈਂਡ

07/27/2020 2:49:28 AM

ਮਾਨਚੈਸਟਰ– ਸਟੂਅਰਟ ਬ੍ਰਾਡ ਦੀ ਧਮਾਕੇਦਾਰ ਗੇਂਦਬਾਜ਼ੀ ਤੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਵਿਰੁੱਧ ਤੀਜੇ ਟੈਸਟ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ ਮਜ਼ਬੂਤ ਸ਼ਿਕੰਜਾ ਕੱਸ ਦਿੱਤਾ। ਬ੍ਰਾਡ ਨੇ ਪਹਿਲੀ ਪਾਰੀ ਵਿਚ 31 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਇੰਗਲੈਂਡ ਨੇ ਤੀਜੇ ਦਿਨ ਸਵੇਰ ਦੇ ਸੈਸ਼ਨ ਵਿਚ ਵੈਸਟਇੰਡੀਜ਼ ਨੂੰ 197 ਦੌੜਾਂ 'ਤੇ ਆਊਟ ਕਰਕੇ 172 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਮੈਚ ਦੇ ਚੌਥੇ ਤੇ ਪੰਜਵੇਂ ਦਿਨ ਮੀਂਹ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ 'ਤੇ 226 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ ਤੇ ਇਸ ਤਰ੍ਹਾਂ ਨਾਲ ਵੈਸਟਇੰਡੀਜ਼ ਦੇ ਸਾਹਮਣੇ 399 ਦੌੜਾਂ ਦਾ ਟੀਚਾ ਰੱਖਿਆ।


ਵੈਸਟਇੰਡੀਜ਼ ਨੇ ਤੀਜੇ ਦਿਨ ਦੀ ਖੇਡ ਖਤਮ ਤਕ ਦੋ ਵਿਕਟਾਂ 'ਤੇ 10 ਦੌੜਾਂ ਬਣਾਈਆਂ ਤੇ ਉਹ ਟੀਚੇ ਤੋਂ ਅਜੇ ਵੀ 389 ਦੌੜਾਂ ਦੂਰ ਹੈ। ਬ੍ਰਾਡ (8 ਦੌੜਾਂ 'ਤੇ 2 ਵਿਕਟਾਂ) ਨੇ ਇਹ ਦੋਵੇਂ ਵਿਕਟਾਂ ਲੈ ਕੇ ਆਪਣੀਆਂ ਕੁਲ ਵਿਕਟਾਂ ਦੀ ਗਿਣਤੀ 499 ਦੌੜਾਂ 'ਤੇ ਪਹੁੰਚਾਈ। ਰੋਰੀ ਬਰਨਸ (90) ਤੇ ਡਾਮ ਿਸਬਲੀ (56) ਨੇ ਪਹਿਲੀ ਵਿਕਟ ਲਈ 114 ਦੌੜਾਂ ਜੋੜ ਕੇ ਇੰਗਲੈਂਡ ਨੂੰ ਦੂਜੀ ਪਾਰੀ ਵਿਚ ਚੰਗੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਕਪਤਾਨ ਰੂਟ ਨੇ 56 ਗੇਂਦਾਂ 'ਤੇ ਅਜੇਤੂ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਨੇ ਬਰਨਸ ਦੇ ਨਾਲ ਦੂਜੀ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਬ੍ਰਾਡ ਨੇ 31 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਪਹਿਲੀ ਪਾਰੀ ਵਿਚ 197 ਦੌੜਾਂ 'ਤੇ ਆਊਟ ਕਰਕੇ 172 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਇੰਗਲੈਂਡ ਨੇ ਪਹਿਲੀ ਪਾਰੀ ਵਿਚ 369 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਨੇ 6 ਵਿਕਟਾਂ 'ਤੇ 137 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ। ਹੋਲਡਰ (46) ਤੇ ਡਾਓਰਿਚ (37) ਨੇ ਫਾਲੋਆਨ ਬਚਾਉਣ ਦਾ ਪਹਿਲਾ ਟੀਚਾ ਹਾਸਲ ਕੀਤਾ।


ਇੰਗਲੈਂਡ ਨੇ ਜੋਫ੍ਰਾ ਆਰਚਰ ਤੇ ਕ੍ਰਿਸ ਵੋਕਸ ਦੇ ਨਾਲ ਸ਼ੁਰੂਆਤ ਕੀਤੀ ਸੀ ਪਰ ਜਦੋਂ ਬ੍ਰਾਡ ਤੇ ਜੇਮਸ ਐਂਡਰਸਨ ਹਮਲੇ 'ਤੇ ਆਏ ਤਾਂ ਦ੍ਰਿਸ਼ ਹੀ ਬਦਲ ਗਿਆ। ਬ੍ਰਾਡ ਨੇ ਡਾਓਰਿਚ ਨੂੰ ਵੋਕਸ ਹੱਥੋਂ ਕੈਚ ਕਰਵਾ ਕੇ ਆਪਣੀ ਛੇਵੀਂ ਵਿਕਟ ਲਈ ਤੇ ਵੈਸਟਇੰਡੀਜ਼ ਦੀ ਪਾਰੀ ਦਾ ਅੰਤ ਕੀਤਾ। ਬ੍ਰਾਡ ਨੂੰ ਸਾਊਥੰਪਟਨ ਵਿਚ ਪਹਿਲੇ ਟੈਸਟ ਦੀ ਟੀਮ ਵਿਚ ਨਹੀਂ ਰੱਖਿਆ ਗਿਆ ਸੀ, ਜਿਸ ਨੂੰ ਵੈਸਟਇੰਡੀਜ਼ ਨੇ ਚਾਰ ਵਿਕਟਾਂ ਨਾਲ ਜਿੱਤਿਆ ਸੀ। ਉਸ ਨੇ ਓਲਡ ਟ੍ਰੈਫਰਡ ਵਿਚ ਵੀ ਦੂਜੇ ਟੈਸਟ ਦੌਰਾਨ ਦੋਵਾਂ ਪਾਰੀਆਂ ਵਿਚ 3-3 ਵਿਕਟਾਂ ਲੈ ਕੇ ਇੰਗਲੈਂਡ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਹ ਹੀ ਨਹੀਂ ਮੌਜੂਦਾ ਟੈਸਟ ਦੀ ਪਹਿਲੀ ਪਾਰੀ ਵਿਚ ਉਸ ਨੇ 45 ਗੇਂਦਾਂ 'ਤੇ 62 ਦੌੜਾਂ ਦੀ ਪਾਰੀ ਖੇਡੀ ਸੀ, ਜਿਹੜੀ 2013 ਤੋਂ ਬਾਅਦ ਉਸਦੀ ਬੈਸਟ ਪਾਰੀ ਹੈ ਤੇ ਫਿਰ ਆਪਣੇ ਕਰੀਅਰ ਵਿਚ 18ਵੀਂ ਵਾਰ ਪਾਰੀ ਵਿਚ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ।

Gurdeep Singh

This news is Content Editor Gurdeep Singh