SL v ENG : ਸ਼੍ਰੀਲੰਕਾ ਨੇ ਇੰਗਲੈਂਡ ਦੀ ਜਿੱਤ ਦਾ ਇੰਤਜ਼ਾਰ ਵਧਾਇਆ

01/17/2021 8:52:42 PM

ਗਾਲੇ – ਸ਼੍ਰੀਲੰਕਾ ਨੇ ਇੰਗਲੈਂਡ ਦੀ ਜਿੱਤ ਦਾ ਇੰਤਜ਼ਾਰ 5ਵੇਂ ਦਿਨ ਪਹੁੰਚਾ ਦਿੱਤਾ ਹੈ। ਸ਼੍ਰੀਲੰਕਾ ਨੇ ਆਪਣੀ ਦੂਜੀ ਪਾਰੀ ਵਿਚ ਚੌਥੇ ਦਿਨ ਐਤਵਾਰ ਨੂੰ 359 ਦੌੜਾਂ ਬਣਾਈਆਂ ਤੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 74 ਦੌੜਾਂ ਦਾ ਟੀਚਾ ਰੱਖਿਆ ਤੇ ਇੰਗਲੈਂਡ ਨੇ ਇਸ ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਸਟੰਪਸ ਤਕ 15 ਓਵਰਾਂ ਵਿਚ ਆਪਣੀਆਂ 3 ਵਿਕਟਾਂ 38 ਦੌੜਾਂ ’ਤੇ ਗੁਆ ਦਿੱਤੀਆਂ ਹਨ। ਇੰਗਲੈਂਡ ਨੂੰ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਜਿੱਤ ਲਈ 36 ਦੌੜਾਂ ਬਣਾਉਣੀਆਂ ਹਨ ਜਦਕਿ ਉਸਦੀਆਂ 7 ਵਿਕਟਾਂ ਬਾਕੀ ਹਨ।


ਸ਼੍ਰੀਲੰਕਾ ਨੇ 2 ਵਿਕਟਾਂ ’ਤੇ 156 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ 130 ਦੌੜਾਂ ਬਣਾਉਣੀਆਂ ਸਨ। ਲਾਹਿਰੂ ਥਿਰੀਮਾਨੇ ਨੇ 76 ਤੇ ਨਾਈਟ ਵਾਚਮੈਨ ਲਸਿਥ ਏਂਬੂਲਦੇਨੀਆ ਨੇ ਜ਼ੀਰੋ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਏਂਬੂਲਦੇਨੀਆ ਆਪਣੇ ਸਕੋਰ ਵਿਚ ਕੋਈ ਵਾਧਾ ਨਹੀਂ ਕਰ ਸਕਿਆ। ਥਿਰੀਮਾਨੇ ਨੇ 251 ਗੇਂਦਾਂ ਵਿਚ 12 ਚੌਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ।


ਐਂਜੇਲੋ ਮੈਥਿਊਜ਼ ਨੇ 219 ਗੇਂਦਾਂ ਵਿਚ 4 ਚੌਕਿਆਂ ਦੇ ਸਹਾਰੇ 71 ਦੌੜਾਂ ਬਣਾਈਆਂ। ਕਪਤਾਨ ਦਿਨੇਸ਼ ਚਾਂਦੀਮਲ ਨੇ 20, ਨਿਰੋਸ਼ਨ ਡਿਕਵੇਲਾ ਨੇ 29 ਤੇ 10ਵੇਂ ਨੰਬਰ ਦੇ ਬੱਲੇਬਾਜ਼ ਦਿਲਰੂਵਾਨ ਪਰੇਰਾ ਨੇ 24 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਲੈਫਟ ਆਰਮ ਸਪਿਨਰ ਜੈਕ ਲੀਚ ਨੇ 122 ਦੌੜਾਂ ਵਿਚ 5 ਵਿਕਟਾਂ, ਡਾਮ ਬੇਸ ਨੇ 100 ਦੌੜਾਂ ’ਤੇ 3 ਵਿਕਟਾਂ ਤੇ ਸੈਮ ਕਿਊਰਨ ਨੇ 37 ਦੌੜਾਂ ’ਤੇ 2 ਵਿਕਟਾਂ ਹਾਸਲ ਕੀਤੀਆਂ।


ਇੰਗਲੈਂਡ ਨੂੰ 74 ਦੌੜਾਂ ਦਾ ਟੀਚਾ ਮਿਲਿਆ ਤੇ ਦਿਨ ਦੀ ਖੇਡ ਖਤਮ ਹੋਣ ਵਿਚ 15 ਓਵਰ ਬਾਕੀ ਸਨ ਪਰ ਸ਼੍ਰੀਲੰਕਾ ਨੇ ਇੰਗਲੈਂਡ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ। ਏਂਬੂਲਦੇਨੀਆ ਨੇ ਡੋਮਿਨਿਕ ਸਿਬਲੇ ਤੇ ਜੈਕ ਕ੍ਰਾਓਲੀ ਨੂੰ ਜਲਦ ਹੀ ਪੈਵੇਲੀਅਨ ਭੇਜ ਦਿੱਤਾ ਜਦਕਿ ਪਹਿਲੀ ਪਾਰੀ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਕਪਤਾਨ ਜੋ ਰੂਟ ਸਿਰਫ 1 ਦੌੜ ਬਣਾ ਕੇ ਰਨ ਆਊਟ ਹੋ ਗਿਆ। ਸਟੰਪਸ ਤਕ ਜਾਨੀ ਬੇਅਰਸਟੋ 11 ਤੇ ਡੇਨੀਅਲ ਲਾਰੈਂਸ 7 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਸਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh