ਇੰਗਲੈਂਡ ਨੇ ਓਸਕਰ ਨੂੰ 5-0 ਨਾਲ ਭੰਨਿਆ

11/16/2018 2:46:41 AM

ਜਲੰਧਰ (ਜ. ਬ.)— ਜਗ ਬਾਣੀ ਦੇ ਸਹਿਯੋਗ ਅਤੇ ਵਾਈ. ਐੱਫ. ਸੀ. ਰੁੜਕਾ ਕਲਾਂ ਵੱਲੋਂ ਕਰਵਾਈ ਜਾ ਰਹੀ 8ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ ਤਹਿਤ 'ਜਨਰੇਸ਼ਨ ਅਮੇਜ਼ਿੰਗ ਗਰਲਜ਼ ਪਲੇਅ ਗਰਲਜ਼ ਲੀਡ' ਦੂਸਰੇ ਦਿਨ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ 16 ਸੀਨੀਅਰ ਲੜਕੀਆਂ ਦੀਆਂ ਫੁੱਟਬਾਲ ਟੀਮਾਂ ਦੇ ਫੁੱਟਬਾਲ ਮੈਚ ਕਰਵਾਏ ਗਏ ਅਤੇ ਨਾਲ ਹੀ ਐਜੂਕੇਸ਼ਨਲ ਵਰਕਸ਼ਾਪਾਂ ਵੀ ਲਾਈਆਂ ਗਈਆਂ ।
ਇਸ ਦੇ ਨਾਲ ਦੂਸਰੇ ਦਿਨ ਫੁੱਟਬਾਲ ਮੁਕਾਬਲਿਆਂ ਵਿਚ ਪਹਿਲਾ ਮੈਚ ਬੈਸਟ ਬਰੋਮਵਿਚ ਐਲਬੀਅਨ ਇੰਗਲੈਂਡ ਅਤੇ ਓਸਕਰ ਫਾਊਂਡੇਸ਼ਨ ਮੁੰਬਈ ਵਿਚਾਲੇ ਖੇਡਿਆ ਗਿਆ, ਜਿਸ 'ਚ ਇੰਗਲੈਂਡ ਦੀ ਟੀਮ ਨੇ ਓਸਕਰ ਮੁੰਬਈ ਨੂੰ 5-0 ਦੇ ਫਰਕ ਨਾਲ ਹਰਾਇਆ। ਦੂਸਰੇ ਮੈਚ 'ਚ ਫੁੱਟਬਾਲ ਅਕੈਡਮੀ ਮਾਜ਼ਰਾ ਡਿੰਗਰੀਆ ਨੇ ਸਲਮ ਸੋਕਰ ਨਾਗਪੁਰ ਨੂੰ 14-1 ਦੇ ਫਰਕ ਨਾਲ, ਤੀਸਰੇ ਮੈਚ 'ਚ ਐੱਫ. ਸੀ. ਮਿਜ਼ੋਰਮ ਨੇ ਐੱਚ. ਐੱਮ. ਵੀ. ਕਾਲਜ ਜਲੰਧਰ ਨੂੰ 2-0 ਨਾਲ ਹਰਾਇਆ। ਇਸ ਦੇ ਨਾਲ ਹੀ ਮੇਰਸੀ ਕੋਰਪਸ ਨੇਪਾਲ ਤੇ ਯੂਥ ਝਾਰਖੰਡ ਵਿਚਾਲੇ ਮੁਕਾਬਲਾ 1-1 ਨਾਲ ਬਰਾਬਰੀ 'ਤੇ ਰਿਹਾ। ਜ਼ਿਕਰਯੋਗ ਹੈ ਕਿ ਇਸ 8ਵੀਂ ਐਜੂਕੇਸ਼ਨਲ ਫੁੱਟਬਾਲ  ਲੀਗ 'ਚ ਵੱਖ-ਵੱਖ ਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ, ਜਰਮਨੀ ਆਦਿ ਦੇਸ਼ਾਂ ਤੋਂ ਲੜਕੀਆਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਇਹ ਅੰਤਰਰਾਸ਼ਟਰੀ ਪੱਧਰੀ ਲੀਗ 17 ਨਵੰਬਰ ਤੱਕ ਚੱਲੇਗੀ।
ਇਸਦੇ ਨਾਲ ਹੀ ਫੁੱਟਬਾਲ ਮੈਚਾਂ ਦੇ ਨਾਲ-ਨਾਲ ਬਾਹਰਲੇ ਦੇਸ਼ਾਂ ਤੋਂ ਆਏ ਹੋਏ ਵੱਖ-ਵੱਖ ਡੈਲੀਗੇਸ਼ਨ ਲੀਡਰਾਂ ਵਲੋਂ ਖਿਡਾਰੀਆਂ ਨਾਲ ਵੱਖ-ਵੱਖ ਵਿਸ਼ਿਆਂ ਸਬੰਧੀ ਵਰਕਸ਼ਾਪਾਂ ਵੀ ਲਾਈਆਂ ਜਾ ਰਹੀਆਂ ਹਨ।