ENG v IND 5th Test : ਪਹਿਲੇ ਦਿਨ ਦੀ ਖੇਡ ਖਤਮ, ਭਾਰਤ ਨੇ 7 ਵਿਕਟਾਂ 'ਤੇ ਬਣਾਈਆਂ 338 ਦੌੜਾਂ

07/01/2022 11:35:03 PM

ਸਪੋਰਟਸ ਡੈਸਕ- ਵਿਕਟਕੀਪਰ ਰਿਸ਼ਭ ਪੰਤ ਦੇ ਸ਼ਾਨਦਾਰ ਤੇ ਸਾਹਸੀ ਸੈਂਕੜੇ (146) ਅਤੇ ਉਸਦੀ ਰਵਿੰਦਰ ਜਡੇਜਾ (ਅਜੇਤੂ 83) ਦੇ ਨਾਲ ਛੇਵੀਂ ਵਿਕਟ ਲਈ 222 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਨਾਜ਼ੁਕ ਹਾਲਤ ਤੋਂ ਉੱਭਰਦੇ ਹੋਏ ਪੰਜਵੇਂ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 7 ਵਿਕਟਾਂ ’ਤੇ 338 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ।

ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਪਣੀਆਂ 5 ਵਿਕਟਾਂ ਸਿਰਫ 98 ਦੌੜਾਂ ’ਤੇ ਗੁਆ ਦਿੱਤੀਆਂ ਸਨ ਪਰ ਪੰਤ ਤੇ ਜਡੇਜਾ ਨੇ ਇਸ ਤੋਂ ਬਾਅਦ ਡਟ ਕੇ ਖੇਡਦੇ ਹੋਏ ਦੋਹਰੇ ਸੈਂਕਡੇ ਵਾਲੀ ਸਾਂਝੇਦਾਰੀ ਕੀਤੀ। ਪੰਤ ਆਖਰੀ ਸੈਸ਼ਨ ਵਿਚ 111 ਗੇਂਦਾਂ ’ਤੇ 19 ਚੌਕਿਆਂ ਤੇ 14 ਛੱਕਿਆਂ ਦੀ ਮਦਦ ਨਾਲ 146 ਦੌੜਾਂ ਬਣਾ ਕੇ ਆਊਟ ਹੋਇਆ ਪਰ ਤਦ ਤਕ ਉਹ ਭਾਰਤ ਨੂੰ ਸੰਕਟ ਵਿਚੋਂ ਬਾਹਰ ਕੱਢ ਚੁੱਕਾ ਸੀ। ਜਡੇਜਾ 163 ਗੇਂਦਾਂ ਵਿਚ 10 ਚੌਕਿਆਂ ਦੇ ਸਹਾਰੇ 83 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ। ਜਡੇਜਾ ਦੇ ਨਾਲ ਮੁਹੰਮਦ ਸ਼ੰਮੀ ਜ਼ੀਰੋ ’ਤੇ ਅਜੇਤੂ ਹੈ। ਭਾਰਤ ਨੇ ਪਹਿਲੇ ਸੈਸ਼ਨ ਦੇ ਮੁਕਾਬਲੇ ਦੂਜੇ ਤੇ ਤੀਜੇ ਸੈਸ਼ਨ ਵਿਚ ਮਜ਼ਬੂਤੀ ਫੜੀ। ਦੂਜੇ ਸੈਸ਼ਨ ਵਿਚ 23 ਤੋਂ ਵੱਧ ਓਵਰਾਂ ਵਿਚ 121 ਦੌੜਾਂ ਬਣੀਆਂ ਤੇ 3 ਵਿਕਟਾਂ ਡਿੱਗੀਆਂ। ਜਦੋਂ ਇਹ ਸੈਸ਼ਨ ਸ਼ੁਰੂ ਹੋਇਆ ਸੀ ਤਾਂ ਭਾਰਤ ਸੰਕਟ ਵਿਚ ਦਿਸ ਰਿਹਾ ਸੀ ਪਰ ਅੰਤ ਤਕ ਆਉਂਦੇ-ਆਉਂਦੇ ਪੰਤ ਤੇ ਜਡੇਜਾ ਦੀ ਖੱਬੂ ਜੋੜੀ ਨੇ ਇਸ ਨੂੰ ਸੰਭਾਲ ਲਿਆ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਆਦਿਲ ਅਲਤਾਫ ਨੇ ਸਾਈਕਲਿੰਗ ’ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

ਭਾਰਤ ਨੇ ਆਖਰੀ ਸੈਸ਼ਨ ਵਿਚ 162 ਦੌੜਾਂ ਜੋੜ ਕੇ ਟੀਮ ਨੂੰ ਬੇਹੱਦ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਇਸ ਪ੍ਰਦਰਸ਼ਨ ਦਾ ਸਿਹਰਾ ਜਾਂਦਾ ਹੈ ਪੰਤ ਨੂੰ ਜਿਸ ਨੇ ਨਾ ਸਿਰਫ ਆਪਣਾ 5ਵਾਂ ਸੈਂਕੜਾ ਬਣਾਇਆ ਸਗੋਂ ਟੈਸਟ ਕ੍ਰਿਕਟ ਵਿਚ ਦੋ ਹਜ਼ਾਰਾਂ ਦੌੜਾਂ ਵੀ ਪੂਰੀਆਂ ਕਰ ਲਈਆਂ। ਹਾਲਾਂਕਿ ਉਹ ਅਜੇਤੂ 159 ਦੌੜਾਂ ਦੇ ਆਪਣੇ ਸਰਵਸ੍ਰੇਸ਼ਠ ਸਕੋਰ ਨੂੰ ਪਾਰ ਕਰਨ ਤੋਂ ਥੋੜ੍ਹੀ ਦੂਰ ਰਹਿ ਗਿਆ। ਭਾਰਤ ਨੇ ਸਵੇਰ ਦੇ ਸੈਸ਼ਨ ਵਿਚ ਮੀਂਹ ਕਾਰਨ ਖੇਡ ਰੁਕਣ ਤਕ 2 ਵਿਕਟਾਂ ਗੁਆ ਕੇ 53 ਦੌੜਾਂ  ਬਣਾ ਲਈਆਂ ਸਨ। ਭਾਰਤ ਦੇ ਦੋਵੇਂ ਓਪਨਰਾਂ ਸ਼ੁਭਮਨ ਗਿੱਲ ਤੇ ਚੇਤੇਸ਼ਵਰ ਪੁਜਾਰਾ ਨੂੰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਸਲਿਪ ਵਿਚ ਜੈਕ ਕ੍ਰਾਊਲੀ ਦੇ ਹੱਥੋਂ ਕੈਚ ਕਰਵਾਇਆ। ਖੇਡ ਰੁਕਣ ਸਮੇਂ ਹਨੁਮਾ ਵਿਹਾਰੀ 14 ਤੇ ਵਿਰਾਟ ਕੋਹਲੀ 7 ਗੇਂਦਾਂ ਵਿਚ 1 ਦੌੜ ਬਣਾ ਕੇ ਕ੍ਰੀਜ਼ ’ਤੇ ਸਨ। ਭਾਰਤ ਦੇ ਦੋਵੇਂ ਬੱਲੇਬਾਜ਼ ਚੰਗੇ ਟੱਚ ਵਿਚ ਦਿਸਣ ਤੋਂ ਬਾਅਦ ਆਊਟ ਹੋਏ। ਹਾਲਾਂਕਿ ਇਕ ਹੋਰ ਗੱਲ ਇਹ ਵੀ ਹੈ ਕਿ ਦੋਵੇਂ ਬੱਲੇਬਾਜ਼ਾਂ ਨੂੰ ਵਾਧੂ ਉਛਾਲ ਨੇ ਝਕਾਨੀ ਦਿੱਤੀ। ਐਂਡਰਸਨ ਨੇ ਸ਼੍ਰੇਅਸ ਅਈਅਰ ਨੂੰ ਆਊਟ ਕਰਕੇ ਆਪਣੀ ਤੀਜੀ ਵਿਕਟ ਲਈ। 

ਇਹ ਵੀ ਪੜ੍ਹੋ : ਮਸ਼ਹੂਰ WWE ਐਂਕਰ ਕਾਇਲਾ ਬ੍ਰੈਕਸਟਨ ਦਾ ਖ਼ੁਲਾਸਾ, ਮਾਂ ਦੇ ਰੇਪ ਤੋਂ ਬਾਅਦ ਮੇਰਾ ਜਨਮ ਹੋਇਆ, ਨਹੀਂ ਪਤਾ ਪਿਤਾ ਕੌਣ'

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ : -

ਭਾਰਤ : ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਕਪਤਾਨ)।

ਇੰਗਲੈਂਡ : ਐਲੇਕਸ ਲੀਜ਼, ਜ਼ੈਕ ਕ੍ਰਾਲੀ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਮੈਟੀ ਪੋਟਸ, ਸਟੂਅਰਟ ਬ੍ਰਾਡ, ਜੈਕ ਲੀਚ, ਜੇਮਸ ਐਂਡਰਸਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh