ਭਾਰਤੀ ਮਹਿਲਾ ਟੀਮ ਦਾ ਇੰਗਲੈਂਡ ਦੌਰਾ ਰੱਦ ਹੋਣ ਨਾਲ ਐਲਿਸਾ ਨਿਰਾਸ਼

07/24/2020 9:21:28 PM

ਨਵੀਂ ਦਿੱਲੀ- ਆਸਟਰੇਲੀਆ ਦੀ ਦਿੱਗਜ ਮਹਿਲਾ ਕ੍ਰਿਕਟਰ ਐਲਿਸਾ ਹੀਲੀ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਭਾਰਤੀ ਮਹਿਲਾ ਟੀਮ ਦੇ ਇੰਗਲੈਂਡ ਦੇ ਪ੍ਰਸਤਾਵਿਤ ਦੌਰੇ ਦੇ ਰੱਦ ਹੋਣ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਭਾਰਤੀ ਮਹਿਲਾ ਟੀਮ ਨੂੰ ਜੂਨ 'ਚ ਇਸ ਦੌਰੇ 'ਤੇ ਤਿੰਨ ਵਨ ਡੇ ਤੇ ਤਿੰਨ ਹੀ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਖੇਡਣੀ ਸੀ। ਕੋਰੋਨਾ ਵਾਇਰਸ ਦੇ ਕਾਰਨ ਇਸ ਦੌਰੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਹਫਤੇ ਇਸ ਦੌਰੇ ਨੂੰ ਰੱਦ ਕਰ ਦਿੱਤਾ ਗਿਆ।
ਐਲਿਸਾ ਨੇ ਟਵਿੱਟਰ 'ਤੇ ਇਸ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਅਗਲੇ ਸਾਲ ਦੇ ਸ਼ੁਰੂ 'ਚ ਵਿਸ਼ਵ ਕੱਪ ਹੋਣ ਦੀ ਸੰਭਾਵਨਾ ਹੈ ਅਜਿਹੇ 'ਚ ਇਸ ਟੂਰਨਾਮੈਂਟ ਦੇ ਨਹੀਂ ਹੋਣ ਨਾਲ ਨਿਰਾਸ਼ਾ ਹੋਈ ਹੈ। ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਅਗਲੇ ਸਾਲ 6 ਫਰਵਰੀ ਤੋਂ 7 ਮਾਰਚ ਤੱਕ ਨਿਊਜ਼ੀਲੈਂਡ 'ਚ ਖੇਡਿਆ ਜਾਣਾ ਹੈ। ਹੀਲੀ ਦੀ ਟਿੱਪਣੀ ਮਹੱਤਵਪੂਰਨ ਹੈ ਕਿਉਂਕਿ ਉਹ ਨਾ ਕੇਵਲ ਆਸਟਰੇਲੀਆ ਬਲਕਿ ਦੁਨੀਆ ਦੀ ਦਿੱਗਜ ਮਹਿਲਾ ਕ੍ਰਿਕਟਰਾਂ 'ਚੋਂ ਇਕ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਸਤੰਬਰ 'ਚ ਤ੍ਰਿਕੋਣੀ ਸੀਰੀਜ਼ ਦੇ ਲਈ ਭਾਰਤ ਤੇ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਦੇ ਸੰਪਰਕ 'ਚ ਸੀ।

Gurdeep Singh

This news is Content Editor Gurdeep Singh