ਪੰਜਾਬੀ ਯੂਨੀਵਰਸਿਟੀ ਦੇ 2 ਤੀਰਅੰਦਾਜ਼ਾਂ ਦੀ ਵਿਸ਼ਵ ਕੱਪ ਲਈ ਹੋਈ ਭਾਰਤੀ ਟੀਮ ''ਚ ਚੋਣ

07/15/2017 10:25:08 PM

ਪਟਿਆਲਾ (ਪਰਮੀਤ)- ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਅਮਨਜੀਤ ਸਿੰਘ ਮੱਲੜ੍ਹੀ ਤੇ ਸੁਨੇਹਲ ਨੇ ਜਰਮਨੀ 'ਚ 4 ਤੋਂ 12 ਅਗਸਤ ਤੱਕ ਹੋਣ ਵਾਲੇ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀ ਭਾਰਤੀ ਟੀਮ 'ਚ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਅੱਜ ਸੋਨੀਪਤ ਵਿਖੇ ਹੋਏ ਕੌਮੀ ਟੀਮ ਲਈ ਟਰਾਇਲਾਂ ਦੌਰਾਨ ਦੇਸ਼ ਦੇ ਚੋਟੀ ਦੇ ਸਵਾ ਸੌ ਦੇ ਕਰੀਬ ਤੀਰਅੰਦਾਜ਼ਾਂ ਨੇ ਹਿੱਸਾ ਲਿਆ। ਇਨ੍ਹਾਂ 'ਚੋਂ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ ਸ਼ਾਗਿਰਦ ਅਮਨਜੀਤ ਸਿੰਘ ਪਹਿਲੇ ਸਥਾਨ 'ਤੇ ਰਿਹਾ ਅਤੇ ਕੌਮੀ ਟੀਮ 'ਚ ਸਥਾਨ ਬਣਾਉਣ ਵਾਲਿਆਂ 'ਚ ਪਹਿਲੇ ਸਥਾਨ 'ਤੇ ਰਿਹਾ। ਇਸ ਦੇ ਨਾਲ ਹੀ ਉਹ ਵਿਅਕਤੀਗਤ ਵਰਗ 'ਚ ਵੀ ਦੇਸ਼ ਦੀ ਨੁਮਾਇੰਦਗੀ ਕਰਨ ਦਾ ਹੱਕਦਾਰ ਬਣ ਗਿਆ ਹੈ। ਦੇਸ਼ ਭਗਤ ਕਾਲਜ ਧੂਰੀ ਦਾ ਵਿਦਿਆਰਥੀ ਅਮਨਜੀਤ ਸਿੰਘ ਇਸੇ ਸਾਲ ਵਿਸ਼ਵ ਕੱਪ-1 'ਚ ਵੀ ਸੋਨ ਤਗਮਾ ਜਿੱਤ ਚੁੱਕਿਆ ਹੈ। ਇਸ ਦੇ ਨਾਲ ਔਰਤਾਂ ਦੇ ਵਰਗ 'ਚ ਕੋਚ ਸੁਰਿੰਦਰ ਸਿੰਘ ਰੰਧਾਵਾ ਦੀ ਸ਼ਗਿਰਦ ਸੁਨੇਹਲ ਦੇਸ਼ ਭਰ 'ਚੋਂ ਦੂਸਰੇ ਸਥਾਨ 'ਤੇ ਆ ਕੇ ਵਿਸ਼ਵ ਕੱਪ ਲਈ ਕੌਮੀ ਟੀਮ 'ਚ ਥਾਂ ਬਣਾਉਣ 'ਚ ਸਫਲ ਰਹੀ। ਸੁਨੇਹਲ ਪੰਜਾਬੀ ਯੂਨੀਵਰਸਿਟੀ ਦੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਵਿਦਿਆਰਥਣ ਹੈ ਅਤੇ ਪਹਿਲਾ ਵੀ ਆਲਮੀ ਕੱਪ 'ਚ ਚੌਥਾ ਸਥਾਨ ਹਾਸਿਲ ਕਰ ਚੁੱਕੀ ਹੈ।