ਟਾਪ ਸੀਡ ਅਰਕਾਦੀ ਦੀ ਵਾਰਸ਼ਿਨੀ ''ਤੇ ਆਸਾਨ ਜਿੱਤ

01/10/2018 1:09:19 AM

ਨਵੀਂ  ਦਿੱਲੀ— ਖਿਡਾਰੀਆਂ ਦੀ ਗਿਣਤੀ ਤੇ ਇਨਾਮੀ ਰਾਸ਼ੀ ਦੇ ਲਿਹਾਜ਼ ਨਾਲ ਏਸ਼ੀਆ ਦੇ ਸਭ ਤੋਂ ਵੱਡੇ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਅੱਜ ਸ਼ੁੱਭ-ਆਰੰਭ ਇਥੇ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਹੋਇਆ ਤੇ ਚੋਟੀ ਦੇ ਖਿਡਾਰੀਆਂ 'ਚੋਂ ਸਾਰੇ ਪ੍ਰਮੁੱਖ ਖਿਡਾਰੀ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ ਪਰ ਪਹਿਲੇ ਹੀ ਦਿਨ ਕਈ ਧਾਕੜਾਂ ਨੂੰ ਨਤੀਜਾ ਆਸ ਅਨੁਸਾਰ ਨਹੀਂ ਮਿਲਿਆ ਤੇ ਕਈ ਨੰਨ੍ਹੇ ਖਿਡਾਰੀਆਂ ਨੇ ਉਨ੍ਹਾਂ ਨੂੰ ਹਰਾਇਆ।
ਹੋਰਨਾਂ ਮੁਕਾਬਲਿਆਂ 'ਚ ਅਮਰੀਕਾ ਦੇ ਤੈਮੂਰ ਗੇਰੇਵ ਨੇ ਭਾਰਤ ਦੇ ਹਰਸ਼ਲ ਸ਼ਾਹੀ ਨੂੰ, ਰੂਸ ਦੇ ਰੋਜੂਮ ਇਵਾਨ ਨੇ ਨੇਪਾਲ ਦੇ ਮਨੀਸ਼ ਹੇਮਲ ਨੂੰ, ਭਾਰਤ ਦੇ ਦੀਪਸੇਨ ਗੁਪਤਾ ਨੇ ਹਮਵਤਨ ਕੇਤਨ ਖੈਰ ਨੂੰ, ਨੀਦਰਲੈਂਡ ਦੇ ਸੇਰਜੀ ਟੀਵੀਯਾਕੋਵ ਨੇ ਭਾਰਤ ਦੇ ਸਤਿਆਰਸ਼ੀ ਗੁਪਤਾ ਨੂੰ, ਭਾਰਤ ਦੇ ਮੁਰਲੀ ਕਾਰਤੀਕੇਅਨ ਨੇ ਹਮਵਤਨ ਨੀਲਾਂਦ੍ਰੀ ਸ਼ੇਖਰ ਨੂੰ ਅਤੇ ਯੂਕ੍ਰੇਨ ਦੇ ਯੂਰੀ ਸੋਲੋਦੇਵਿੰਚਕੋ ਨੇ ਭਾਰਤ ਦੇ ਰੂਪੇਸ਼ ਕਾਂਤ ਨੂੰ ਹਰਾਇਆ।
ਹਿਮਾਂਸ਼ੂ ਤੇ ਐਂਡ੍ਰਿਊ ਦੇਵੀਯਤਕਿਨ ਨੂੰ ਲੱਗਾ ਝਟਕਾ 
ਪਹਿਲੇ ਰਾਊਂਡ 'ਚ ਹਾਰ ਜਾਣ ਵਾਲੇ ਖਿਡਾਰੀਆਂ 'ਚ ਸਭ ਤੋਂ ਵੱਡਾ ਨਾਂ ਭਾਰਤ ਦੇ ਗ੍ਰੈਂਡ ਮਾਸਟਰ ਹਿਮਾਂਸ਼ੂ ਦਾ ਰਿਹਾ, ਜਿਸ ਨੂੰ ਹਮਵਤਨ 14 ਸਾਲਾ ਕਾਰਤਿਕ ਕੁਮਾਰ ਨੇ ਹਰਾਇਆ। ਉਥੇ ਹੀ ਰੂਸ  ਦੇ ਐਂਡ੍ਰਿਊ ਦੇਵੀਯਤਕਿਨ ਨੂੰ ਵੀ ਭਾਰਤ ਦੇ 15 ਸਾਲਾ ਉਤਸਵ ਚੈਟਰਜੀ ਨੇ ਹਾਰ ਦਾ ਸਵਾਦ ਚਖਾਇਆ। ਜ਼ਿਕਰਯੋਗ ਹੈ ਕਿ ਇਹ ਦੋਵੇਂ ਖਿਡਾਰੀ ਆਪਣੇ ਤੋਂ ਘੱਟ 460 ਰੇਟਿੰਗ ਘੱਟ ਅੰਕ ਵਾਲੇ ਖਿਡਾਰੀ ਤੋਂ ਹਾਰੇ।
ਟਾਪ-10 'ਚੋਂ 9 ਧਾਕੜਾਂ ਦੀ ਆਸਾਨ ਜਿੱਤ 
ਅਜ਼ਰਬੇਜਾਨ ਦੇ ਗ੍ਰੈਂਡ ਮਾਸਟਰ ਤੇ ਟੂਰਨਾਮੈਂਟ ਦੇ ਟਾਪ ਸੀਡ ਅਰਕਾਦੀ ਨਾਈਡਿਸ਼ ਨੇ ਪਹਿਲੇ ਰਾਊਂਡ 'ਚ ਭਾਰਤ ਦੀ ਮਹਿਲਾ ਫਿਡੇ ਮਾਸਟਰ ਵੀ. ਵਾਰਸ਼ਿਨੀ 'ਤੇ ਆਸਾਨ ਜਿੱਤ ਦਰਜ ਕਰ ਕੇ ਪਹਿਲਾ ਅੰਕ ਬਣਾਇਆ, ਜਦਕਿ ਸਾਬਕਾ ਜੇਤੂ ਤਜ਼ਾਕਿਸਤਾਨ ਦੇ ਗ੍ਰੈਂਡ ਮਾਸਟਰ ਫਾਰੂਖ ਅਮੋਨਤੋਵ ਨੇ ਵੀ ਭਾਰਤ ਦੇ ਬਾਲਕਿਸ਼ਨ 'ਤੇ ਆਸਾਨ ਜਿੱਤ ਦਰਜ ਕੀਤੀ। ਭਾਰਤ ਦੀ ਉਮੀਦ ਤੇ ਤੀਜਾ ਦਰਜਾ ਪ੍ਰਾਪਤ ਅਭਿਜੀਤ ਗੁਪਤਾ ਨੇ ਵੀ ਪਹਿਲੇ ਗੇੜ 'ਚ ਇਕ ਆਸਾਨ ਜਿੱਤ ਦਰਜ ਕੀਤੀ। ਉਸ ਨੇ ਹਮਵਤਨ ਲਿਖਿਤ ਚਿਲੂਕੁਰੀ ਨੂੰ ਹਰਾਇਆ।