ਮੈਚ ਦੌਰਾਨ ਸ਼ੋਇਬ ਮਲਿਕ ਦੇ ਸਿਰ 'ਤੇ ਲੱਗੀ ਗੇਂਦ, ਨਹੀਂ ਪਾਇਆ ਸੀ ਹੈਲਮੇਟ (ਵੀਡੀਓ)

01/16/2018 2:27:26 PM

ਹੈਮਿਲਟਨ (ਬਿਊਰੋ)— ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਆਲਰਾਊਂਡਰ ਸ਼ੋਇਬ ਮਲਿਕ ਨਿਊਜ਼ੀਲੈਂਡ ਖਿਲਾਫ ਚੌਥੇ ਵਨਡੇ ਮੈਚ ਵਿਚ ਜ਼ਖਮੀ ਹੋ ਗਏ। ਹੈਮਿਲਟਨ ਵਿਚ ਖੇਡੇ ਜਾ ਰਹੇ ਚੌਥੇ ਵਨਡੇ ਮੈਚ ਵਿਚ ਇਕ ਫੀਲਡਰ ਦਾ ਥਰੋ ਸ਼ੋਇਬ ਮਲਿਕ ਦੇ ਸਿਰ ਉੱਤੇ ਜਾ ਲੱਗਾ ਅਤੇ ਉਸ ਦੌਰਾਨ ਸ਼ੋਇਬ ਮਲਿਕ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ। ਗੇਂਦ ਸਿਰ ਉੱਤੇ ਲੱਗਦੇ ਹੀ ਸ਼ੋਇਬ ਮਲਿਕ ਡਿੱਗ ਪਏ, ਹਾਲਾਂਕਿ ਉਨ੍ਹਾਂ ਨੇ ਬੱਲੇਬਾਜ਼ੀ ਜਾਰੀ ਰੱਖੀ ਪਰ ਬਾਅਦ ਵਿਚ ਉਨ੍ਹਾਂ ਨੂੰ ਥੋੜ੍ਹੀ ਸਮੱਸਿਆ ਹੋਈ ਅਤੇ ਉਹ ਫੀਲਡਿੰਗ ਲਈ ਨਹੀਂ ਉਤਰੇ।

ਕਿਵੇਂ ਹੋਇਆ ਹਾਦਸਾ?
ਨਿਊਜ਼ੀਲੈਂਡ ਖਿਲਾਫ ਚੌਥੇ ਵਨਡੇ ਵਿਚ ਸ਼ੋਇਬ ਮਲਿਕ ਬਿਨ੍ਹਾਂ ਹੈਲਮੇਟ ਪਹਿਨੇ ਮੈਦਾਨ ਉੱਤੇ ਉਤਰੇ, ਉਸ ਦੌਰਾਨ ਨਿਊਜ਼ੀਲੈਂਡ ਦੇ ਸਪਿਨਰ ਗੇਂਦਬਾਜ਼ੀ ਕਰ ਰਹੇ ਸਨ ਤਾਂ ਅਜਿਹੇ ਵਿਚ ਸ਼ੋਇਬ ਮਲਿਕ ਨੇ ਹੈਲਮੇਟ ਨਾ ਪਹਿਨਣ ਦਾ ਫੈਸਲਾ ਕੀਤਾ। ਮੈਚ ਦੇ 32ਵੇਂ ਓਵਰ ਵਿਚ ਸ਼ੋਇਬ ਮਲਿਕ ਨੇ ਇਕ ਸਕੋਰ ਚੁਰਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਸਾਥੀ ਮੁਹੰਮਦ ਹਫੀਜ਼ ਨੇ ਸਕੋਰ ਲੈਣ ਤੋਂ ਇਨਕਾਰ ਕਰ ਦਿੱਤਾ, ਜਦੋਂ ਸ਼ੋਇਬ ਮਲਿਕ ਤੇਜ਼ੀ ਨਾਲ ਆਪਣੀ ਕਰੀਜ਼ ਵੱਲ ਦੌੜ ਰਹੇ ਸਨ ਉਸੀ ਦੌਰਾਨ ਕਾਲਿਨ ਮੁਨਰੋ ਨੇ ਗੇਂਦ ਸੁੱਟੀ ਜੋ ਸਿੱਧੇ ਸ਼ੋਇਬ ਮਲਿਕ ਦੇ ਸਿਰ ਦੇ ਪਿਛਲੇ ਹਿੱਸੇ ਉੱਤੇ ਜਾ ਲੱਗੀ। ਇਹ ਥਰੋ ਇੰਨੀ ਤੇਜ਼ ਸੀ ਕਿ ਗੇਂਦ ਮਲਿਕ ਦੇ ਸਿਰ ਉੱਤੇ ਲੱਗ ਕੇ ਸੀਮਾ ਰੇਖਾ ਦੇ ਬਾਹਰ 4 ਦੌੜਾਂ ਲਈ ਚੱਲੀ ਗਈ।

ਥਰੋ ਲੱਗਦੇ ਹੀ ਡਿੱਗ ਗਏ ਮਲਿਕ
ਮੁਨਰੋ ਦਾ ਥਰੋ ਸਿਰ ਉੱਤੇ ਲੱਗਦੇ ਹੀ ਮਲਿਕ ਹੇਠਾਂ ਡਿੱਗ ਗਏ, ਕੁਝ ਸਮੇਂ ਤੱਕ ਖੇਡ ਰੁਕ ਗਿਆ ਅਤੇ ਟੀਮ ਦਾ ਫੀਜਓ ਉਨ੍ਹਾਂ ਦਾ ਇਲਾਜ ਕਰਨ ਲੱਗਾ। ਹਾਲਾਂਕਿ ਇਸਦੇ ਬਾਅਦ ਵੀ ਮਲਿਕ ਨੇ ਕਰੀਜ ਨਹੀਂ ਛੱਡੀ ਅਤੇ ਉਹ ਬੱਲੇਬਾਜ਼ੀ ਕਰਦੇ ਰਹੇ। ਮਲਿਕ ਦੀ ਪਾਰੀ ਜ਼ਿਆਦਾ ਦੇਰ ਤੱਕ ਨਹੀਂ ਚੱਲੀ ਅਤੇ ਸੱਟ ਲੱਗਣ ਦੇ 6 ਗੇਂਦ ਬਾਅਦ ਮਲਿਕ ਸਿਰਫ਼ 1 ਦੌੜਾਂ ਬਣਾ ਕੇ ਆਊਟ ਹੋ ਗਏ। ਮਲਿਕ ਜਦੋਂ ਡਰੈਸਿੰਗ ਰੂਮ ਪੁੱਜੇ ਤਾਂ ਉਨ੍ਹਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਹੋਈ ਜਿਸਦੇ ਚਲਦੇ ਉਹ ਫੀਲਡਿੰਗ ਕਰਨ ਨਹੀਂ ਉਤਰੇ।