ਦ੍ਰਾਵਿੜ ICC ਹਾਲ ਆਫ ਫੇਮ ''ਚ ਸ਼ਾਮਲ

11/01/2018 10:21:13 PM

ਤਿਰੁਵਨੰਤਪੁਰਮ- ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੂੰ ਵੀਰਵਾਰ ਨੂੰ ਇੱਥੇ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਕੌਮਾਂਤਰੀ ਵਨ ਡੇ ਮੈਚ ਤੋਂ ਪਹਿਲਾਂ  ਸੰਖੇਪ ਸਮਾਰੋਹ ਵਿਚ ਆਈ. ਸੀ. ਸੀ. ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ। ਦ੍ਰਾਵਿੜ ਆਈ. ਸੀ. ਸੀ. ਹਾਲ ਆਫ ਫੇਮ ਵਿਚ ਜਗ੍ਹਾ ਬਣਾਉਣ ਵਾਲਾ ਭਾਰਤ ਦਾ ਸਿਰਫ ਪੰਜਵਾਂ ਕ੍ਰਿਕਟਰ ਹੈ। ਭਾਰਤ ਦੇ ਸਾਬਕਾ ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਦ੍ਰਾਵਿੜ ਨੂੰ ਯਾਦਗਾਰ ਕੈਪ ਸੌਂਪੀ। ਆਈ. ਸੀ. ਸੀ. ਨੇ 2 ਜੁਲਾਈ ਨੂੰ ਦ੍ਰਾਵਿੜ ਨੂੰ ਹਾਲ ਆਫ ਫੇਮ ਵਿਚ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ।


ਦ੍ਰਾਵਿੜ ਤੋਂ ਪਹਿਲਾਂ ਭਾਰਤੀ ਕ੍ਰਿਕਟਰਾਂ ਵਿਚ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਗਾਵਸਕਰ ਤੇ ਅਨਿਲ ਕੁੰਬਲੇ ਨੂੰ ਇਸ ਐਲੀਟ ਸੂਚੀ ਵਿਚ ਜਗ੍ਹਾ ਦਿੱਤੀ ਗਈ ਸੀ। ਦ੍ਰਾਵਿੜ ਨੇ 164 ਟੈਸਟਾਂ ਵਿਚ 36 ਸੈਂਕੜਿਆਂ ਦੀ ਮਦਦ ਨਾਲ 13288 ਦੌੜਾਂ, ਜਦਕਿ 344 ਵਨ ਡੇ ਵਿਚ 12 ਸੈਂਕੜਿਆਂ ਦੀ ਮਦਦ ਨਾਲ 10889 ਦੌੜਾਂ ਬਣਾਈਆਂ। ਉਸ ਨੇ 2004 ਵਿਚ ਆਈ. ਸੀ. ਸੀ. ਦਾ ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ ਤੇ ਸਾਲ ਦਾ ਸਰਵਸ੍ਰੇਸ਼ਠ ਟੈਸਟ ਕ੍ਰਿਕਟਰ ਵੀ ਚੁਣਿਆ ਗਿਆ।  ਇਕਲੌਤਾ ਟੀ-20 ਕੌਮਾਂਤਰੀ ਮੈਚ ਖੇਡਣ ਵਾਲਾ ਦ੍ਰਾਵਿੜ ਬਿਹਤਰੀਨ ਸਲਿਪ ਫੀਲਡਰ ਵੀ ਸੀ। ਉਸ ਨੇ 2012 ਵਿਚ ਖਤਮ ਹੋਏ ਆਪਣੇ ਟੈਸਟ ਕਰੀਅਰ ਦੌਰਾਨ ਵਿਸ਼ਵ ਰਿਕਾਰਡ 210 ਕੈਚ ਫੜੇ ਸਨ।