ਡ੍ਰੈਸੇਲ ਨੇ 7ਵੇਂ ਤਮਗੇ ਨਾਲ ਕੀਤੀ ਫੇਲਪਸ ਦੀ ਬਰਾਬਰੀ

08/01/2017 4:37:49 AM

ਬੁਡਾਪੈਸਟ— ਅਮਰੀਕਾ ਦੇ 20 ਸਾਲਾ ਨਵੇਂ ਸਟਾਰ ਸੇਲੇਬ ਡ੍ਰੈਸੇਲ ਨੇ ਦੁਨੀਆ ਦੇ ਮਹਾਨ ਤੈਰਾਕ ਮਾਈਕਲ ਫੇਲਪਸ ਦੇ ਇਕ ਚੈਂਪੀਅਨਸ਼ਿਪ 'ਚ ਸੱਤ ਸੋਨ ਤਮਗੇ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਦੇ ਨਾਲ ਹੀ 17ਵੀਂ ਵਿਸ਼ਵਤੈਰਾਕੀ ਚੈਂਪੀਅਨਸ਼ਿਪ ਦੀ ਸੁਨਹਿਰੀ ਅੱਖਰਾਂ ਵਿਚ ਸਮਾਪਤੀ ਕਰ ਲਈ। ਵਿਸ਼ਵ ਚੈਂਪੀਅਨਸ਼ਿਪ ਦੇ ਆਖਰੀ ਦਿਨ ਐਤਵਾਰ ਨੂੰ ਇਥੇ ਡ੍ਰੈਸੇਲ ਨੇ ਡੂਨਾ ਏਰੇਨਾ 'ਚ ਚਾਰ ਗੁਣਾ 100 ਮੀਟਰ ਮੇਡਲੇ ਰਿਲੇਅ ਵਿਚ ਬਟਰਫਲਾਈ ਗੇੜ ਵਿਚ ਜ਼ਬਰਦਸਤ ਪ੍ਰਦਰਸ਼ਨ  ਨਾਲ ਅਮਰੀਕੀ ਟੀਮ ਨੂੰ ਸੋਨ ਤਮਗਾ ਦਿਵਾ ਦਿੱਤਾ, ਜਿਹੜਾ ਉਸ ਦਾ ਇਸ ਚੈਂਪੀਅਨਸ਼ਿਪ 'ਚ ਸੱਤਵਾਂ ਸੋਨ ਤਮਗਾ ਵੀ ਹੈ।
ਇਸ ਤੋਂ ਪਹਿਲਾਂ ਡ੍ਰੈਸੇਲ ਨੇ ਇਕ ਹੀ ਦਿਨ 'ਚ ਤਿੰਨ ਰਿਲੇਅ ਵਿਚ ਵਿਅਕਤੀਗਤ ਸੋਨ ਤਮਗੇ ਜਿੱਤੇ ਸਨ ਤੇ ਕੁਲ ਛੇ ਤਮਗਿਆਂ ਨਾਲ ਉਹ ਫੇਲਪਸ ਦੇ ਰਿਕਾਰਡ ਤੋਂ ਇਕ ਕਦਮ ਹੀ ਦੂਰ ਸੀ, ਜਿਹੜਾ ਉਸ ਨੇ ਰਿਲੇਅ ਸੋਨੇ ਨਾਲ ਪੂਰਾ ਕਰ ਲਿਆ। ਫੇਲਪਸ ਨੇ ਆਸਟ੍ਰੇਲੀਆ ਵਿਚ 2007 ਦੀ ਵਿਸ਼ਵ ਚੈਂਪੀਅਨਸ਼ਿਪ 'ਚ ਸੱਤ ਸੋਨ ਤਮਗੇ ਜਿੱਤੇ ਸਨ। ਡ੍ਰੈਸੇਲ ਦੀ ਬਦੌਲਤ ਅਮਰੀਕਾ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਕੁਲ 38 ਤਮਗੇ ਜਿੱਤੇ, ਜਿਹੜਾ ਉਸ ਦਾ ਵਿਸ਼ਵ ਤੈਰਾਕੀ 'ਚ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ।
ਫਲੋਰਿਡਾ ਦੇ ਵਿਦਿਆਰਥੀ ਨੇ ਰੇਸ ਤੋਂ ਬਾਅਦ ਕਿਹਾ, ''ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਹੈ, ਜਿਹੜਾ ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਪਰ ਮੈਂ ਅਜੇ ਯੂਰਪ ਜਾ ਕੇ ਕੁਝ ਆਰਾਮ ਕਰਨਾ ਚਾਹੁੰਦਾ ਹਾਂ। ਮੈਂ ਪੋਲੈਂਡ ਤੇ ਸਕਾਟਲੈਂਡ ਜਾ ਕੇ ਮਜ਼ਾ ਕਰਾਂਗਾ। ਪਿਛਲੇ  ਕੁਝ ਦਿਨਾਂ ਤੋਂ ਮੈਨੂੰ ਕਾਫੀ ਮਜ਼ਾ ਆਇਆ। ਮੈਨੂੰ ਜੋ ਕਰਨਾ ਪਸੰਦ ਹੈ, ਉਸ ਨੂੰ ਇਥੇ ਕਰਨਾ ਕਮਾਲ ਦਾ ਤਜਰਬਾ ਸੀ। ਇਸ ਤੋਂ ਪਹਿਲਾਂ ਅਮਰੀਕੀ ਤੈਰਾਕੀ ਲਿਲੀ ਕੰਗ ਨੇ ਮਹਿਲਾਵਾਂ ਦੀ 50 ਮੀਟਰ ਬ੍ਰੈਸਟਸਟ੍ਰੋਕ ਪ੍ਰਤੀਯੋਗਿਤਾ 'ਚ ਵਿਸ਼ਵ ਰਿਕਾਰਡ 29.40 ਸੈਕੰਡ ਦਾ ਸਮਾਂ ਲੈ ਕੇ ਟੀਮ ਲਈ ਸੋਨੇ ਦੇ ਨਾਲ ਵਧੀਆ ਸ਼ੁਰੂਆਤ ਕੀਤੀ। ਕਿੰਗ ਨੇ ਰੂਸ ਦੀ ਯੂਲੀਆ ਐਫਿਮੋਵਾ ਨੂੰ 0.17 ਸੈਕੰਡ ਨਾਲ ਹਰਾਇਆ, ਜਦਕਿ ਹੋਰਨਾਂ ਅਮਰੀਕੀ ਤੈਰਾਕੀ ਕੇਟੀ ਮੇਲੀ ਨੂੰ ਕਾਂਸੀ ਤਮਗਾ ਮਿਲਿਆ।