ਡਬਲਜ਼ ਖਿਡਾਰੀਆਂ ਨੂੰ ਚੋਟੀ 'ਤੇ ਪਹੁੰਚਣ 'ਚ ਸਮਾਂ ਲੱਗੇਗਾ : ਅਸ਼ਵਿਨੀ

11/10/2017 5:10:42 AM

ਨਵੀਂ ਦਿੱਲੀ—  ਤਜਰਬੇਕਾਰ ਬੈਡਮਿੰਟਨ ਖਿਡਾਰਨ ਅਸ਼ਵਿਨੀ ਪੋਨੱਪਾ ਪੇਸ਼ੇਵਰ ਸਰਕਟ ਵਿਚ ਭਾਰਤ ਦੇ ਡਬਲਜ਼ ਖਿਡਾਰੀਆਂ ਦੀ ਤਰੱਕੀ ਤੋਂ ਪ੍ਰਭਾਵਿਤ ਹੈ ਪਰ ਉਸ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਹਰਾਉਣ ਵਾਲੇ ਖਿਡਾਰੀਆਂ ਦੇ ਰੂਪ ਵਿਚ ਵਿਕਸਤ ਹੋਣ ਵਿਚ ਅਜੇ ਸਮੇਂ ਲੱਗੇਗਾ।
ਪਿਛਲੇ ਕੁਝ ਸਮੇਂ ਵਿਚ ਡਬਲਜ਼ ਖਿਡਾਰੀਆਂ ਨੇ ਚੰਗੇ ਨਤੀਜੇ ਦਿੱਤੇ ਹਨ, ਜਿਨ੍ਹਾਂ ਵਿਚ ਸਾਤਿਵਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸੇਨ ਦੀ ਨਵੀਂ ਪੁਰਸ਼ ਡਬਲਜ਼ ਜੋੜੀ ਨੇ ਕੋਰੀਆ ਤੇ ਫਰਾਂਸ ਵਿਚ ਸੁਪਰ ਸੀਰੀਜ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਪ੍ਰਣਵ ਜੈਰੀ ਚੋਪੜਾ ਤੇ ਐੱਨ. ਸਿੱਕੀ ਰੈਡੀ  ਦੀ ਮਿਕਸਡ ਡਬਲਜ਼ ਜੋੜੀ ਵੀ ਜਾਪਾਨ ਓਪਨ ਦੇ ਸੈਮੀਫਾਈਨਲ ਵਿਚ ਪਹੁੰਚੀ।
ਹਾਲ ਹੀ ਵਿਚ ਸਮਾਪਤ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਦੋ ਖਿਤਾਬ ਜਿੱਤਣ ਵਾਲੀ ਅਸ਼ਵਿਨੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਡਬਲਜ਼ ਖਿਡਾਰੀ ਸਹੀ ਰਸਤੇ 'ਤੇ ਹਨ ਪਰ ਚੋਟੀ 'ਤੇ ਪਹੁੰਚਣ ਵਿਚ ਅਜੇ ਕਾਫੀ ਸਮਾਂ ਲੱਗੇਗਾ।'' ਉਸ ਨੇ ਕਿਹਾ, ''ਡਬਲਜ਼ ਖਿਡਾਰੀਆਂ ਨੂੰ ਇਕੱਠੇ ਟਰੇਨਿੰਗ ਕਰਨੀ ਪੈਂਦੀ ਹੈ, ਦੇਖਣਾ ਹੁੰਦਾ ਹੈ ਕਿ ਦੋ ਖਿਡਾਰੀਆਂ ਦਾ ਤਾਲਮੇਲ ਕਿਹੋ ਜਿਹਾ ਹੈ ਪਰ ਸਿੰਗਲਜ਼ ਖਿਡਾਰੀ ਦੇ ਰੂਪ ਵਿਚ ਇੰਨੇ ਬਦਲਾਂ 'ਚੋਂ ਨਹੀਂ ਲੰਘਣਾ ਪੈਂਦਾ ।''