ਨਾਡਾ ਨੇ ਡੋਪਿੰਗ ਟੈਸਟ ''ਚ ਫੇਲ੍ਹ 5 ਖਿਡਾਰੀਆਂ ਨੂੰ ਕੀਤਾ ਮੁਅੱਤਲ

02/21/2018 7:42:49 PM

ਨਵੀਂ ਦਿੱਲੀ,(ਬਿਊਰੋ)—ਰਾਸ਼ਟਰੀ ਡੋਪਿੰਗ ਰੋਧੀ ਏਜੰਸੀ ਨੇ ਗੋਲਾ ਸੁੱਟ ਐਥਲੀਟ ਇੰਦਰਜੀਤ ਸਿੰਘ ਦੇ ਮਾਮਲੇ ਦੀ ਸੁਣਵਾਈ ਫਿਰ ਤੋਂ ਮੁਲਤਵੀ ਕਰ ਦਿੱਤੀ ਹੈ ਅਤੇ  ਪੰਜ ਹੋਰ ਖਿਡਾਰੀਆਂ ਨੂੰ ਡੋਪਿੰਗ ਰੋਧੀ ਨਿਯਮਾਂ ਦੀ ਉਲੰਘਣਾ ਕਰਨ 'ਤੇ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਇੰਦਰਜੀਤ ਦੇ ਮੂਤਰ ਦਾ ਨਮੂਨਾ ਪਾਜ਼ਟਿਵ ਪਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਰੀਓ ਓਲੰਪਿਕ 'ਚ ਹਿੱਸਾ ਲੈਣ ਤੋਂ ਵੀ ਰੋਕ ਦਿੱਤਾ ਗਿਆ ਸੀ। ਉਸ ਦਾ 'ਬੀ' ਨਮੂਨਾ ਵੀ ਪਾਜੀਟਿਵ ਰਿਹਾ ਸੀ। ਨਾਡਾ ਨੇ ਪਿੱਛਲੇ ਮਹੀਨੇ 404 ਡੋਪ ਟੈਸਟ ਕੀਤੇ ਅਤੇ ਪਹਿਲਵਾਨ ਭਗਵਾਨ (72 ਕਿ.ਗ੍ਰਾ), ਅਮਿਤ (74 ਕਿ.ਗ੍ਰਾ), ਮੁੱਕੇਬਾਜ਼ ਲਕਸ਼ ਚਾਹਰ (80 ਕਿ.ਗ੍ਰਾ) ਅਤੇ ਦੋ ਐਥਲੀਟ ਨੀਲਮ ਕੁਮਾਰੀ (100 ਮੀਟਰ) ਅਤੇ ਸੌਰਭ ਸਿੰਘ (100 ਮੀਟਰ) ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਹੈ। 
ਨਾਡਾ ਨੇ ਕਿਹਾ ਡੋਪਿੰਗ ਰੋਧੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਖਿਡਾਰੀਆਂ ਨੂੰ ਡੋਪਿੰਗ ਰੋਧੀ ਪੈਨਲ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਅਕਤੂਬਰ 'ਚ ਅਖਿਲ ਭਾਰਤੀ ਪੁਲਸ ਕੁਸ਼ਤੀ ਦੇ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਦੇ ਬਾਅਦ ਆਪਣੇ ਮੂਤਰ ਦਾ ਨਮੂਨਾ ਨਹੀਂ ਦੇਣ ਵਾਲੇ ਰਾਸ਼ਟਰੀ ਪੱਧਰ ਦੇ ਪਹਿਲਵਾਨ ਸੁਮਿਤ ਸਹਿਰਾਵਤ ਦੇ ਮਾਮਲੇ ਦੀ ਮੁਣਵਾਈ ਵੀ ਮੁਲਤਵੀ ਕਰ ਦਿੱਤੀ ਗਈ ਹੈ। ਨਾਡਾ ਮੁਤਾਬਕ ਪਿਛਲੇ ਮਹੀਨੇ ਪਾਵਰ ਲਿਫਟਰ ਸਰਿਤਾ ਰਾਣੀ ਅਤੇ ਵੰਦਨਾ ਦੁਬੇ ਦੇ ਮਾਮਲੇ ਦੀ ਸੁਣਵਾਈ ਵੀ ਮੁਲਤਵੀ ਕਰ ਦਿੱਤੀ ਗਈ ਸੀ।