ਭਾਰਤ 'ਚ ਘਰੇਲੂ ਕ੍ਰਿਕਟ ਹੋਵੇਗੀ ਸ਼ੁਰੂ- ਮੁਸ਼ਤਾਕ ਅਲੀ 20 ਦਸੰਬਰ ਤੇ ਰਣਜੀ 11 ਜਨਵਰੀ ਤੋਂ

11/30/2020 3:32:03 AM

ਮੁੰਬਈ– ਘਰੇਲੂ ਕ੍ਰਿਕਟ ਦਾ ਆਯੋਜਨ ਕਰਨ ਲਈ ਬੇਤਾਬ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਨੇ ਸੀਮਤ ਮੁਕਾਬਲਿਆਂ ਦੇ ਸੈਸ਼ਨ ਦੇ ਢਾਂਚੇ 'ਤੇ ਰਾਜ ਸੰਘਾਂ ਤੋਂ ਸਲਾਹ ਮੰਗੀ ਹੈ। ਘਰੇਲੂ ਸੈਸ਼ਨ ਦੇ ਆਯੋਜਨ ਲਈ ਬੀ. ਸੀ. ਸੀ.ਆਈ. ਨੇ ਦਸੰਬਰ ਤੋਂ ਮਾਰਚ ਵਿਚਾਲੇ ਦੇਸ਼ ਭਰ ਵਿਚ 6 ਜੈਵਿਕ ਤੌਰ ਨਾਲ ਸੁਰੱਖਿਅਤ ਸਥਾਨ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਸੰਘਾਂ ਨੂੰ ਲਿਖੇ ਪੱਤਰ ਵਿਚ ਬੋਰਡ ਨੇ ਘਰੇਲੂ ਮੁਕਾਬਲਿਆਂ ਦੇ ਆਯੋਜਨ ਨੂੰ ਲੈ ਕੇ ਚਾਰ ਬਦਲ ਦਿੱਤੇ ਹਨ, ਜਿਸ ਵਿਚ ਪਹਿਲਾ ਬਦਲ ਸਿਰਫ ਰਣਜੀ ਟਰਾਫੀ ਦਾ ਆਯੋਜਨ ਹੈ। ਦੂਜਾ ਬਦਲ ਸਿਰਫ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਦਾ ਆਯੋਜਨ ਹੈ। ਤੀਜੇ ਬਦਲ ਵਿਚ ਰਣਜੀ ਟਰਾਫੀ ਤੇ ਸੱਯਦ ਮੁਸ਼ਤਾਕ ਅਲੀ ਟਰਾਫੀ ਦਾ ਸੰਯੋਜਨ ਹੋਵੇਗਾ ਜਦਕਿ ਚੌਥਾ ਬਦਲ ਵਿਚ ਦੋ ਸੀਮਤ ਓਵਰਾਂ ਦੇ ਟੂਰਨਾਮੈਂਟ (ਸੱਯਦ ਮੁਸ਼ਤਾਕ ਅਲੀ ਤੇ ਵਿਜੇ ਹਜ਼ਾਰੇ ਟਰਾਫੀ) ਲਈ ਵਿੰਡੋ ਤਿਆਰ ਕਰਨਾ ਹੈ।


ਪੱਤਰ ਅਨੁਸਾਰ ਬੀ. ਸੀ. ਸੀ. ਆਈ. ਨੇ ਟੂਰਨਾਮੈਂਟ ਦੇ ਸੰਭਾਵਿਤ ਸਮੇਂ 'ਤੇ ਵੀ ਗੱਲ ਕੀਤੀ ਹੈ। ਰਣਜੀ ਟਰਾਫੀ (11 ਜਨਵਰੀ ਤੋਂ 18 ਮਾਰਚ) ਲਈ 67 ਦਿਨ ਪ੍ਰਸਾਤਵਿਤ ਕੀਤੇ ਗਏ ਹਨ। ਮੁਸ਼ਤਾਕ ਅਲੀ ਟਰਾਫੀ ਦੇ ਆਯੋਜਨ ਲਈ 22 ਦਿਨ (20 ਦਸੰਬਰ ਤੋਂ 10 ਜਨਵਰੀ) ਦੀ ਲੋੜ ਪਵੇਗੀ ਜਦਕਿ ਜੇਕਰ ਵਿਜੇ ਹਜ਼ਾਰੇ ਟਰਾਫੀ ਦਾ ਆਯੋਜਨ ਹੁੰਦਾ ਹੈ ਤਾਂ ਇਹ 11 ਜਨਵਰੀ ਤੋਂ 7 ਫਰਵਰੀ ਵਿਚਾਲੇ 28 ਦਿਨ ਵਿਚ ਆਯੋਜਿਤ ਹੋ ਸਕਦਾ ਹੈ। ਬੀ. ਸੀ. ਸੀ. ਆਈ. 38 ਟੀਮਾਂ ਦੇ ਘਰੇਲੂ ਟੂਰਨਾਮੈਂਟ ਲਈ 6 ਸਥਾਨਾਂ 'ਤੇ ਜੈਵਿਕ ਸੁਰੱਖਿਅਤ ਮਾਹੌਲ ਤਿਆਰ ਕਰੇਗਾ। ਪੱਤਰ ਵਿਚ ਲਿਖਿਆ ਗਿਆ ਹੈ, ''38 ਟੀਮਾਂ ਨੂੰ ਪੰਜ ਏਲੀਟ ਗਰੁੱਪ ਤੇ ਇਕ ਪਲੇਟ ਗਰੁੱਪ ਵਿਚ ਵੰਡਿਆ ਜਾਵੇਗਾ। ਏਲੀਟ ਗਰੁੱਪ ਵਿਚ 6-6 ਟੀਮਾਂ ਹੋਣਗੀਆਂ ਜਦਕਿ ਪਲੇਟ ਗਰੁੱਪ ਵਿਚ 8 ਟੀਮਾਂ ਹੋਣਗੀਆਂ।'' ਹਰੇਕ ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ ਵਿਚ 3 ਆਯੋਜਨ ਸਥਾਨ ਹੋਣਗੇ ਤੇ ਮੈਚਾਂ ਦਾ ਡਿਜ਼ੀਟਲ ਪ੍ਰਸਾਰਣ ਕੀਤਾ ਜਾਵੇਗਾ।

Gurdeep Singh

This news is Content Editor Gurdeep Singh