ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ''ਚ ਵੱਡਾ ਉਲਟਫੇਰ ਜੋਕੋਵਿਚ ਬਾਹਰ

01/23/2018 3:26:05 AM

ਮੈਲਬੋਰਨ— ਸਾਬਕਾ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੀ ਖਿਤਾਬ ਬਚਾਓ ਮੁਹਿੰਮ ਨੂੰ ਅੱਗੇ ਵਧਾਉਂਦਿਆਂ 14ਵੀਂ ਵਾਰ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਪਰ ਪੁਰਸ਼ ਵਰਗ ਦੇ ਸਭ ਤੋਂ ਵੱਡੇ ਉਲਟਫੇਰ 'ਚ 6 ਵਾਰ ਦਾ ਚੈਂਪੀਅਨ ਸਰਬੀਆ ਦਾ ਨੋਵਾਕ ਜੋਕੋਵਿਚ ਚੌਥੇ ਦੌਰ 'ਚ ਹਾਰ ਕੇ ਬਾਹਰ ਹੋ ਗਿਆ। 14ਵਾਂ ਦਰਜਾ ਪ੍ਰਾਪਤ ਜੋਕੋਵਿਚ ਨੂੰ ਦੱਖਣੀ ਕੋਰੀਆ ਦੇ ਹਿਓਨ ਚੁੰਗ ਨੇ 3 ਘੰਟੇ 21 ਮਿੰਟ ਤਕ ਚੱਲੇ ਮੁਕਾਬਲੇ 'ਚ 7-6, 7-5, 7-6 ਨਾਲ ਹਰਾ ਦਿੱਤਾ। 58ਵੀਂ ਰੈਂਕਿੰਗ ਦੇ ਕੋਰੀਆਈ ਖਿਡਾਰੀ ਨੇ ਪਹਿਲੇ ਸੈੱਟ ਦਾ ਟਾਈਬ੍ਰੇਕ 7-5 ਤੇ ਤੀਜੇ ਸੈੱਟ ਦਾ ਟਾਈਬ੍ਰੇਕ 7-3 ਨਾਲ ਜਿੱਤਿਆ। ਚੁੰਗ ਦਾ ਕੁਆਰਟਰ ਫਾਈਨਲ 'ਚ ਅਮਰੀਕਾ ਦੇ ਟੈਨਿਸ ਸੈਂਡਗ੍ਰੀਨ ਨਾਲ ਮੁਕਾਬਲਾ ਹੋਵੇਗਾ।
12 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਮੈਚ ਦੌਰਾਨ ਆਪਣੀ ਕੂਹਣੀ ਦੀ ਸੱਟ ਦਾ ਇਲਾਜ ਕਰਾਇਆ, ਜਿਸ ਕਾਰਨ ਉਹ ਛੇ ਮਹੀਨਿਆਂ ਤਕ ਕੋਰਟ 'ਚੋਂ ਬਾਹਰ ਰਿਹਾ ਸੀ। ਉਸ ਨੂੰ ਲਗਾਤਾਰ ਦੂਜੇ ਸਾਲ ਕੁਆਰਟਰ ਫਾਈਨਲ 'ਚ ਹਾਰ ਕਾਰਨ ਬਾਹਰ ਹੋਣਾ ਪਿਆ ਹੈ। ਪਿਛਲੇ ਸਾਲ ਉਹ ਡੈਨਿਸ ਇਸਤੋਮਿਨ ਤੋਂ ਦੂਜੇ ਦੌਰ 'ਚ ਹਾਰ ਗਿਆ ਸੀ। ਦੂਜਾ ਦਰਜਾ ਪ੍ਰਾਪਤ ਫੈਡਰਰ ਨੇ ਇਥੇ ਪੁਰਸ਼ ਸਿੰਗਲਜ਼ ਦੇ ਚੌਥੇ ਦੌਰ ਦੇ ਮੁਕਾਬਲੇ 'ਚ ਮਾਰਟਿਨ ਫੁਕਸੋਵਿਚ ਨੂੰ ਲਗਾਤਾਰ ਸੈੱਟਾਂ 'ਚ 6-4, 7-6, 6-2 ਨਾਲ ਹਰਾਇਆ। ਉਸ ਨੇ ਇਹ ਮੁਕਾਬਲਾ 2 ਘੰਟੇ 1 ਮਿੰਟ 'ਚ ਆਪਣੇ ਨਾਂ ਕੀਤਾ। ਸਵਿਸ ਖਿਡਾਰੀ ਨੇ 80ਵੀਂ ਰੈਂਕਿੰਗ ਦੇ ਹੰਗਰੀ ਦੇ ਮਾਰਟਿਨ ਨੂੰ ਦਿਨ ਦੇ ਪਹਿਲੇ ਮੁਕਾਬਲੇ 'ਚ ਆਸਾਨੀ ਨਾਲ ਹਰਾਇਆ। ਫੈਡਰਰ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮਾਰਟਿਨ ਨੇ ਚੰਗੀ ਖੇਡ ਦਿਖਾਈ ਪਰ ਮੁਸ਼ਕਿਲ ਹਾਲਾਤ 'ਚ ਤੁਹਾਨੂੰ ਜਲਦ ਹੀ ਨਵੀਂ ਸੋਚ ਨਾਲ ਖੇਡਣਾ ਪੈਂਦਾ ਹੈ। ਹੁਣ ਮੈਂ ਜਲਦ ਮੁਕਾਬਲਾ ਖਤਮ ਕਰ ਦਿੱਤਾ ਹੈ ਤੇ ਮੈਂ ਆਪਣੀ ਪਤਨੀ ਮਿਰਕਾ ਨੂੰ ਡਿਨਰ 'ਤੇ ਵੀ ਲਿਜਾ ਸਕਦਾ ਹਾਂ।''
ਫੈਡਰਰ ਇਸ ਦੇ ਨਾਲ ਹੀ ਕਰੀਅਰ ਦੇ ਕੁਲ 52 ਗ੍ਰੈਂਡ ਸਲੈਮ ਕੁਆਰਟਰ ਫਾਈਨਲ ਤੇ ਮੈਲਬੋਰਨ 'ਚ 14ਵੀਂ ਵਾਰ ਆਖਰੀ-8 'ਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ, ਜਿਥੇ ਉਸ ਦੇ ਸਾਹਮਣੇ 19ਵੀਂ ਸੀਡ ਚੈੱਕ ਗਣਰਾਜ ਦੇ ਟਾਮਸ ਬਰਡੀਚ ਦੀ ਚੁਣੌਤੀ ਹੋਵੇਗੀ।
ਪੁਰਸ਼ ਸਿੰਗਲਜ਼ ਦੇ ਚੌਥੇ ਦੌਰ ਦੇ ਇਕ ਹੋਰ ਮੁਕਾਬਲੇ 'ਚ ਚੈੱਕ ਖਿਡਾਰੀ ਨੇ 25ਵਾਂ ਦਰਜਾ  ਪ੍ਰਾਪਤ ਇਟਲੀ ਦੇ ਫਾਬਿਓ ਫੋਗਨਿਨੀ ਨੂੰ ਲਗਾਤਾਰ ਸੈੱਟਾਂ 'ਚ 6-1, 6-4, 6-4 ਨਾਲ ਹਰਾ ਕੇ 2 ਘੰਟੇ 8 ਮਿੰਟ 'ਚ ਜਿੱਤ ਪੱਕੀ ਕਰ ਲਈ। ਸਾਲ 2010 ਤੋਂ ਬਾਅਦ ਆਸਟ੍ਰੇਲੀਅਨ ਓਪਨ 'ਚ ਆਪਣੇ ਸਭ ਤੋਂ ਹੇਠਲੇ ਦਰਜੇ ਨਾਲ ਉਤਰੇ ਬਰਡੀਚ ਨੇ ਮੈਚ 'ਚ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ। ਸਾਲ 2017 'ਚ ਜ਼ਿਆਦਾਤਰ ਸੈਸ਼ਨ ਸੱਟਾਂ ਨਾਲ ਪ੍ਰਭਾਵਿਤ ਰਹੇ ਬਰਡੀਚ ਸਾਹਮਣੇ ਹਾਲਾਂਕਿ ਅਗਲੀ ਚੁਣੌਤੀ ਆਸਾਨ ਨਹੀਂ ਹੋਣ ਵਾਲੀ ਹੈ। ਉਸ ਨੇ ਹੁਣ ਫੈਡਰਰ ਨਾਲ ਭਿੜਨਾ ਹੈ, ਜਿਹੜਾ  ਉਸ ਨੂੰ ਪਿਛਲੇ ਸਾਲ ਤੀਜੇ ਰਾਊਂਡ 'ਚ ਹਰਾ ਚੁੱਕਾ ਹੈ। 
ਮਹਿਲਾ ਸਿੰਗਲਜ਼ ਮੁਕਾਬਲਿਆਂ 'ਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਜਾਪਾਨ ਦੀ ਨਾਓਮੀ ਓਸਾਕਾ ਨੂੰ ਲਗਾਤਾਰ ਸੈੱਟਾਂ 'ਚ 6-3, 6-2 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ। 72ਵੀਂ ਰੈਂਕਿੰਗ ਦੀ ਓਸਾਕਾ ਵਿਰੁੱਧ ਹਾਲੇਪ ਨੇ ਗਲਤੀਆਂ ਦਾ ਫਾਇਦਾ ਚੁੱਕਿਆ ਤੇ ਦੂਜੇ ਸੈੱਟ 'ਚ 5-2 ਨਾਲ ਬੜ੍ਹਤ ਤੋਂ ਬਾਅਦ ਉਸ ਨੇ ਫੋਰਹੈਂਡ ਰਿਟਰਨ ਨਾਲ ਆਪਣੀ ਆਖਰੀ-8 'ਚ ਜਗ੍ਹਾ ਪੱਕੀ ਕਰ ਲਈ। ਇਕ ਹੋਰ ਅਹਿਮ ਮੁਕਾਬਲੇ 'ਚ ਸਾਬਕਾ ਚੈਂਪੀਅਨ ਜਰਮਨੀ ਦੀ ਐਂਜੇਲਿਕ ਕਰਬਰ ਦੀ ਵੀ ਕੁਆਰਟਰ ਫਾਈਨਲ 'ਚ ਵਾਪਸੀ ਹੋ ਗਈ ਹੈ। ਉਸ ਨੇ 88ਵੀਂ ਰੈਂਕਿੰਗ ਦੀ ਸੀਹ ਸੂ ਵੇਈ ਨੂੰ 4-6, 7-5, 6-2 ਨਾਲ ਹਰਾਇਆ। 21ਵਾਂ ਦਰਜਾ ਪ੍ਰਾਪਤ ਜਰਮਨ ਖਿਡਾਰੀ ਨੂੰ ਤਾਈਵਾਨ ਖਿਡਾਰਨ ਵਲੋਂ ਕਾਫੀ ਚੁਣੌਤੀ ਮਿਲੀ ਪਰ 2016 ਦੀ ਚੈਂਪੀਅਨ ਨੇ ਪਹਿਲੇ ਸੈੱਟ ਵਿਚ ਪਿਛੜਨ ਤੋਂ ਬਾਅਦ 2 ਘੰਟੇ 8 ਮਿੰਟ ਵਿਚ ਜਾ ਕੇ ਆਪਣੀ ਟਿਕਟ ਕਟਾ ਲਈ। ਕਰਬਰ ਸਾਹਮਣੇ ਹੁਣ ਯੂ. ਐੱਸ. ਓਪਨ ਫਾਈਨਲਿਸਟ ਮੈਡੀਸਨ-ਕੀ ਦੀ ਚੁਣੌਤੀ ਹੋਵੇਗੀ।