ਜੋਕੋਵਿਚ ਤੇ ਫੈਡਰਰ ਵਿਚਾਲੇ ਹੋਵੇਗੀ ਖਿਤਾਬੀ ਟੱਕਰ

08/20/2018 12:30:54 AM

ਸਿਨਸਿਨਾਟੀ-10ਵੀਂ ਸੀਡ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਦੋਵੇਂ ਖਿਤਾਬ ਲਈ ਹਾਈਵੋਲਟੇਜ ਮੁਕਾਬਲੇ ਵਿਚ ਉਤਰਨਗੇ, ਜਦਕਿ ਮਹਿਲਾ ਸਿੰਗਲਜ਼ ਵਿਚ ਕਿਕੀ ਬਰਟਸ ਤੇ ਸਿਮੋਨਾ ਹਾਲੇਪ ਵਿਚਾਲੇ ਫਾਈਨਲ ਹੋਵੇਗਾ।
ਦਰਸ਼ਕਾਂ ਨਾਲ ਭਰੇ ਸੈਂਟਰ ਕੋਰਟ 'ਤੇ ਜੋਕੋਵਿਚ ਨੇ ਛੇਵੀਂ ਵਾਰ ਸਿਨਸਿਨਾਟੀ ਫਾਈਨਲ ਵਿਚ ਜਗ੍ਹਾ ਬਣਾਈ। ਉਸ ਨੇ 2016 ਦੇ ਚੈਂਪੀਅਨ ਤੇ ਸੱਤਵੀਂ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਰੋਮਾਂਚਕ ਸੈਮੀਫਾਈਨਲ ਵਿਚ 6-3, 3-6, 6-3 ਨਾਲ ਹਰਾਇਆ।
ਦੂਜੀ ਸੀਡ ਫੈਡਰਰ ਨੇ ਆਪਣੇ ਸੈਮੀਫਾਈਨਲ ਮੈਚ ਵਿਚ 11ਵੀਂ ਸੀਡ ਬੈਲਜੀਅਮ ਦੇ ਡੇਵਿਡ ਗੋਫਿਨ ਵਿਰੁੱਧ ਜਿੱਤ ਦਰਜ ਕੀਤੀ, ਜਿਸ ਨੇ ਪਹਿਲੇ ਸੈੱਟ ਦੇ ਟਾਈਬ੍ਰੇਕ ਵਿਚ 7-6 ਦੇ ਸਕੋਰ 'ਤੇ ਸੱਟ ਕਾਰਨ ਮੈਚ ਛੱਡ ਦਿੱਤਾ। ਇਸਦੇ ਨਾਲ ਹੀ ਫੈਡਰਰ ਤੇ ਜੋਕੋਵਿਚ ਨੇ ਫਾਈਨਲ ਵਿਚ ਟੱਕਰ ਤੈਅ ਕਰ ਲਈ। 
ਜੇਕਰ ਸਰਬੀਆਈ ਖਿਡਾਰੀ ਖਿਤਾਬ ਜਿੱਤਦਾ ਹੈ ਤਾਂ ਉਹ ਏ. ਟੀ. ਪੀ. ਗੋਲਡਨ ਮਾਸਟਰਸ ਖਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਜਾਵੇਗਾ। ਇਹ ਵਰਲਡ ਮਾਸਟਰਸ 1000 ਚੈਂਪੀਅਨਸ਼ਿਪ (ਕੈਨੇਡਾ, ਸਿਨਸਿਨਾਟੀ, ਇੰਡੀਅਨ, ਵੇਲਸ, ਮੈਡ੍ਰਿਡ ਓਪਨ, ਮਿਆਮੀ ਓਪਨ, ਮੋਂਟੇ ਕਾਰਲੋ, ਪੈਰਿਸ, ਰੋਮ  ਤੇ ਸ਼ੰਘਾਈ ਮਾਸਟਰਸ) ਦੇ 9 ਖਿਤਾਬਾਂ ਦੀ ਸੀਰੀਜ਼ ਹੈ।