ਜੋਕੋਵਿਚ ਤੇ ਡੇਲ ਪੋਤ੍ਰੋ ਕੁਆਰਟਰ ਫਾਈਨਲ ''ਚ

07/11/2018 4:18:08 AM

ਲੰਡਨ- ਸਾਬਕਾ ਨੰਬਰ ਇਕ ਤੇ 12 ਗ੍ਰੈਂਡ ਸਲੈਮ ਖਿਤਾਬਾਂ ਦਾ ਜੇਤੂ ਸਰਬੀਆ ਦਾ ਨੋਵਾਕ ਜੋਕੋਵਿਚ ਆਪਣੇ ਪੁਰਾਣੇ ਰੰਗ ਵਿਚ ਪਰਤ ਆਇਆ ਹੈ। ਜੋਕੋਵਿਚ ਨੇ ਰੂਸ ਦੇ ਕਾਰੇਨ ਖਾਚਾਨੋਵ ਨੂੰ ਲਗਾਤਾਰ ਸੈੱਟਾਂ ਵਿਚ 6-4, 6-2, 6-2 ਨਾਲ ਹਰਾ ਕੇ 10ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਪੰਜਵੀਂ ਸੀਡ ਅਰਜਨਟੀਨਾ ਦੇ ਜੁਆਨੇ ਮਾਰਟਿਨ ਡੇਲ ਪੋਤ੍ਰੋ ਨੇ ਆਪਣਾ ਅਧੂਰਾ ਮੈਚ ਖਤਮ ਕਰਦਿਆਂ ਮੰਗਲਵਾਰ ਨੂੰ ਆਖਰੀ-8 ਵਿਚ ਸਥਾਨ ਬਣਾ ਲਿਆ।
ਵਿੰਬਲਡਨ ਦੇ ਗ੍ਰਾਸ ਕੋਰਟ 'ਤੇ 2011, 2014 ਤੇ 2015 ਵਿਚ ਜੇਤੂ ਰਹੇ ਜੋਕੋਵਿਚ ਨੇ ਆਪਣੀ ਪੁਰਾਣੀ ਕਲਾਸ ਦਿਖਾਉਂਦਿਆਂ ਸਾਬਤ ਕੀਤਾ ਕਿ ਉਹ ਫਿਰ ਤੋਂ ਪਟੜੀ 'ਤੇ ਪਰਤ ਆਇਆ ਹੈ। ਪਿਛਲੇ ਕੁਝ ਸਮੇਂ ਵਿਚ ਸੱਟਾਂ ਤੇ ਖਰਾਬ ਫਾਰਮ ਕਾਰਨ ਜੋਕੋਵਿਚ ਵਿਸ਼ਵ ਰੈਂਕਿੰਗ ਵਿਚ ਟਾਪ-20 'ਚੋਂ ਬਾਹਰ ਹੋ ਗਿਆ ਸੀ ਪਰ ਵਿੰਬਲਡਨ ਤੋਂ ਪਹਿਲਾਂ ਕਵੀਨਸ ਕਲੱਬ ਚੈਂਪੀਅਨਸ਼ਿਪ ਵਿਚ ਉਸ ਨੇ ਫਾਈਨਲ ਤਕ ਪਹੁੰਚ ਕੇ ਦਿਖਾਇਆ ਸੀ ਕਿ ਉਹ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿਚ ਕੁਝ ਕਰਨ ਨੂੰ ਉਤਸ਼ਾਹਿਤ ਹੈ।
ਇਸ ਵਿਚਾਲੇ ਪੁਰਸ਼ ਵਰਗ ਦੇ ਚੌਥੇ ਦੌਰ ਦੇ ਅਧੂਰੇ ਰਹਿ ਗਏ ਮੁਕਾਬਲੇ ਨੂੰ ਮੰਗਲਵਾਰ ਨੂੰ ਖਤਮ ਕਰਦਿਆਂ ਪੰਜਵੀਂ ਸੀਡ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਆਖਰੀ-8 ਵਿਚ ਸਥਾਨ ਬਣਾ ਲਿਆ। ਡੇਲ ਪੋਤ੍ਰੋ ਨੇ ਫਰਾਂਸ ਦੇ ਜਾਈਲਸ ਸਿਮੋਨ ਵਿਰੁੱਧ ਪਹਿਲੇ ਦੋ ਸੈੱਟ 7-6, 7-6 ਨਾਲ ਜਿੱਤ ਲਏ ਸਨ ਤੇ ਤੀਜਾ ਸੈੱਟ 5-7 ਨਾਲ ਹਾਰ ਚੁੱਕਿਆ ਸੀ।
ਚੌਥੇ ਸੈੱਟ ਵਿਚ ਦੋਵਾਂ ਖਿਡਾਰੀਆਂ ਵਿਚਾਲੇ ਸਖਤ ਸੰਘਰਸ਼ ਹੋਇਆ ਤੇ ਡੇਲ ਪੋਤ੍ਰੋ ਨੇ ਇਸ ਸੈੱਟ ਦਾ ਟਾਈਬ੍ਰੇਕ 7-5 ਨਾਲ ਜਿੱਤ ਕੇ ਮੈਚ ਚਾਰ ਘੰਟੇ 24 ਮਿੰਟ ਵਿਚ ਖਤਮ ਕੀਤਾ। ਡੇਲ ਪੋਤ੍ਰਾ ਦਾ ਕੁਆਰਟਰ ਫਾਈਨਲ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨਾਲ ਮੁਕਾਬਲਾ ਹੋਵੇਗਾ।