ਬਦਸਲੂਕੀ ਦੇ ਦੋਸ਼ੀ ਮਾਰਕ ਬਾਊਚਰ ਦੇ ਖ਼ਿਲਾਫ਼ ਹੋਵੇਗੀ ਅਨੁਸ਼ਾਸਨੀ ਸੁਣਵਾਈ

01/21/2022 2:34:34 PM

ਜੋਹਾਨਸਬਰਗ- ਸਮਾਜਿਕ ਨਿਆਂ ਤੇ ਰਾਸ਼ਟਰ ਨਿਰਮਾਣ (ਐੱਸ. ਜੇ. ਐੱਨ.) ਸੁਣਵਾਈ ਦੇ ਦੌਰਾਨ ਬਦਸਲੂਕੀ ਲਈ ਦੋਸ਼ੀ ਦੱਖਣੀ ਅਫਰੀਕੀ ਕੋਚ ਮਾਰਕ ਬਾਊਚਰ 'ਤੇ ਹੁਣ ਅਨੁਸ਼ਾਸਨੀ ਕਾਰਵਾਈ ਹੋਵੇਗੀ। ਸੀਨੀਅਰ ਵਕੀਲ ਟੇਰੀ ਮੋਟਾਊ ਇਸ ਸੁਣਵਾਈ ਦੀ ਪ੍ਰਧਾਨਗੀ ਕਰਨਗੇ। ਹਾਲਾਂਕਿ ਸੁਣਵਾਈ ਦੇ ਦੌਰਾਨ ਵੀ ਬਾਊਚਰ ਟੀਮ ਦੇ ਕੋਚ ਬਣੇ ਰਹਿਣਗੇ।

ਵੀਰਵਾਰ ਨੂੰ ਕ੍ਰਿਕਟ ਸਾਊਥ ਅਫਰੀਕਾ (ਸੀ. ਐੱਸ. ਏ.) ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ, '26 ਜਨਵਰੀ 2022 ਨੂੰ ਪਹਿਲੀ ਸੁਣਵਾਈ ਹੋਵਗੀ ਤੇ ਇਸ ਤੋਂ ਬਾਅਦ ਅੱਗੇ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਜਾਣਗੀਆਂ। ਐੱਸ. ਜੇ. ਐੱਨ. ਸੁਣਵਾਈ ਦੇ ਬਾਅਦ ਅਜਿਹਾ ਕਰਨਾ ਲਾਜ਼ਮੀ ਸੀ, ਕਿਉਂਕਿ ਸੁਣਵਾਈ ਦੇ ਦੌਰਾਨ ਬਾਊਚਰ ਸਮੇਤ ਕਈ ਜ਼ਿੰਮੇਵਾਰ ਲੋਕਾਂ 'ਤੇ ਭੇਦਭਾਵ ਤੇ ਨਸਲਵਾਦ ਦੇ ਦੋਸ਼ ਲੱਗੇ ਸਨ। ਖ਼ਾਸ ਕਰਕੇ ਬਾਊਚਰ 'ਤੇ ਉਨ੍ਹਾਂ ਦੇ ਸਾਬਕਾ ਸਾਥੀ ਪਾਲ ਐਡਮਸ ਨੇ ਨਸਲਵਾਦ ਦੇ ਦੋਸ਼ ਲਾਏ ਸਨ।

17 ਜਨਵਰੀ ਨੂੰ ਇਸ ਸਬੰਧ 'ਚ ਬਾਊਚਰ ਦੇ ਖ਼ਿਲਾਫ਼ ਇਕ ਚਾਰਜਸ਼ੀਟ ਫ਼ਾਈਲ ਕੀਤੀ ਤੇ ਇਸ ਦੀ ਜਾਣਕਾਰੀ ਬਾਊਚਰ ਨੂੰ ਵੀ ਦਿੱਤੀ ਗਈ। ਸੀ. ਐੱਸ. ਏ. ਇਸ ਮਾਮਲੇ 'ਚ ਹਰ ਦੋਸ਼ ਦੀ ਆਜ਼ਾਦ ਜਾਂਚ ਕਰਕੇ ਹੀ ਕੋਈ ਧਾਰਾ ਲਗਾਉਣਾ ਚਾਹੁੰਦਾ ਹੈ।' ਜ਼ਿਕਰਯੋਗ ਹੈ ਕਿ ਦਸਬੰਰ 2021 'ਚ ਜਾਰੀ ਐੱਸ. ਜੇ. ਐੱਨ. ਰਿਪੋਰਟ ਦੇ ਮੁਤਾਬਕ ਬਾਊਚਰ ਸਮੇਤ ਕਈ ਮਹੱਤਵਪੂਰਨ ਲੋਕਾਂ 'ਤੇ ਬੇਹੱਦ ਗੰਭੀਰ ਦੋਸ਼ ਲੱਗੇ ਸਨ ਪਰ ਲੋਕਪਾਲ ਡੁਮਿਸਾ ਐਨਟਸਬੇਜਾ ਨੂੰ ਇਸ ਸਬੰਧ 'ਚ ਪੂਰੇ ਸਬੂਤ ਜਾਂ ਸਿੱਟੇ ਨਹੀਂ ਮਿਲੇ ਸਨ। ਲੋਕਪਾਲ ਨੇ ਭਵਿੱਖ 'ਚ ਸੀ. ਐੱਸ .ਏ. ਤੋਂ ਇਸ ਸਬੰਧ 'ਚ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਸੀ।

Tarsem Singh

This news is Content Editor Tarsem Singh