ਆਨੰਦ ਨੇ ਵਿਸ਼ਵ ਨੰਬਰ 2 ਡੀਂਗ ਲੀਰੇਨ ਨਾਲ ਖੇਡਿਆ ਡਰਾਅ

04/04/2019 6:34:48 PM

ਸ਼ਮਕੀਰ ਸਿਟੀ (ਨਿਕਲੇਸ਼ ਜੈਨ)— ਸ਼ਮਕੀਰ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚਬਾਰਤ ਦੇ ਵਿਸ਼ਵਨਾਥਨ ਆਨੰਦ ਨੇ ਚੌਥੇ ਰਾਊਂਡ ਵਿਚ ਵਿਸ਼ਵ ਨੰਬਰ-2 ਖਿਡਾਰੀ ਚੀਨ ਦੇ ਡੀਂਗ ਲੀਰੇਨ ਨਾਲ ਮੁਕਾਬਲਾ ਡਰਾਅ ਖੇਡਿਆ। ਇਸਦੇ ਨਾਲ ਹੀ ਆਨੰਦ 4 ਮੈਚਾਂ ਤੋਂ ਬਾਅਦ 2 ਡਰਾਅ, 1 ਜਿੱਤ ਤੇ 1 ਹਾਰ ਦੇ ਨਾਲ 2 ਅੰਕਾਂ 'ਤੇ ਖੇਡ ਰਿਹਾ ਹੈ। ਚੌਥੇ ਰਾਊਂਡ ਵਿਚ ਸਾਰੇ ਮੁਕਾਬਲੇ ਡਰਾਅ ਰਹੇ ਤੇ ਅਜਿਹੇ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੀ ਸਿੰਗਲ ਬੜ੍ਹਤ ਬਰਕਰਾਰ ਹੈ। ਰਾਊਂਡ 4 ਦੇ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਆਨੰਦ ਨੇ ਪਹਿਲੇ 3 ਮੁਕਾਬਲਿਆਂ ਤੋਂ ਹਟ ਕੇ ਸੰਤੁਲਿਤ ਖੇਡ ਦਿਖਾਈ।  ਕਿਊ. ਜੀ. ਡੀ. ਓਪਨਿੰਗ ਵਿਚ ਡੀਂਗ ਨੇ ਆਨੰਦ ਦੇ ਰਾਜਾ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਮੈਚ ਵਿਚ ਆਨੰਦ ਜਿਵੇਂ ਪਹਿਲਾਂ ਤੋਂ ਹੀ ਤਿਆਰ ਸੀ। ਉਸ ਨੇ ਡੀਂਗ  ਦੇ ਵਜੀਰ ਦੇ ਹਿੱੱਸੇ ਵਿਚ ਜਵਾਬੀ ਹਮਲਾ ਕਰ ਕੇ ਮੈਚ ਨੂੰ ਬਰਾਬਰ ਦੀ ਸਥਿਤੀ ਵਿਚ ਖੜ੍ਹਾ ਕਰ ਦਿੱਤਾ ਤੇ 34 ਚਾਲਾਂ ਵਿਚ ਮੈਚ ਡਰਾਅ ਖਤਮ ਕਰ ਦਿੱਤਾ 

ਹੋਰਨਾਂ ਮੁਕਾਬਲਿਆਂ ਵਿਚ ਨਾਰਵੇ ਦੇ ਮੈਗਨਸ ਕਾਰਲਸਨ ਨੇ ਬੁਲਗਾਰੀਆ ਦੇ ਵੇਸਲੀਨ ਤੋਪਾਲੋਵ ਨਾਲ, ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨੇ ਹਮਵਤਨ ਸੇਰਗੀ ਕਾਰਯਾਕਿਨ ਨਾਲ, ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਅਜਰਬੈਜਾਨ ਦੇ ਤਿਮੂਰ ਰਦੁਜਬੋਵ ਨਾਲ, ਅਜਰਬੈਜਾਨ ਦੇ ਮਮੇਘਾਰੋਵ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨਾਲ ਡਰਾਅ ਖੇਡਿਆ।