ਵਿਸ਼ਵ ਕੱਪ 2019 'ਚ 'ਗਾਡ ਫਾਦਰ' ਦੇ ਰੂਪ 'ਚ ਉਤਰੇਗਾ ਧੋਨੀ

05/22/2019 11:13:28 AM

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਕ੍ਰਿਕਟ ਵਿਸ਼ਵ ਕੱਪ ਵਿਚ ਗਾਡ ਫਾਦਰ ਦੇ ਰੂਪ ਵਿਚ ਉਤਰੇਗਾ। ਧੋਨੀ ਇੰਗਲੈਂਡ ਦੀ ਧਰਤੀ 'ਤੇ ਹੋਣ ਵਾਲੇ ਵਿਸ਼ਵ ਕੱਪ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੋਵੇਗਾ। ਉਹ ਇਸ ਟੂਰਨਾਮੈਂਟ ਵਿਚ ਇਕਲੌਤੇ ਅਜਿਹੇ ਖਿਡਾਰੀ ਦੇ ਰੂਪ ਵਿਚ ਉਤਰੇਗਾ, ਜਿਸ ਨੇ 300 ਤੋਂ ਵੱਧ ਮੈਚ ਖੇਡੇ ਹਨ। ਆਪਣਾ ਚੌਥਾ ਵਿਸਵ ਕੱਪ ਖੇਡਣ ਜਾ ਰਿਹਾ ਧੋਨੀ ਹੁਣ ਤਕ ਭਾਰਤ ਵਲੋਂ 338 ਵਨ ਡੇ ਮੈਚ ਖੇਡ ਚੁੱਕਾ ਹੈ। ਇਸ ਵਿਸਵ ਕੱਪ ਦੀਆਂ 10 ਟੀਮਾਂ ਵਿਚ ਹੋਰ ਕੋਈ ਖਿਡਾਰੀ ਅਜਿਹਾ ਨਹੀਂ ਹੈ ਜਿਸ ਨੇ 300 ਮੈਚ ਖੇਡੇ ਹਨ। ਭਾਰਤ ਨੂੰ ਆਪਣੀ ਕਪਤਾਨੀ ਵਿਚ 2011 ਵਿਚ ਵਿਸ਼ਵ ਕੱਪ ਜਿਤਾ ਚੁੱਕਾ ਤੇ 2015 ਵਿਸ਼ਵ ਕੱਪ ਵਿਚ ਸੈਮੀਫਾਈਨਲ ਤਕ ਪਹੁੰਚਾ ਚੁੱਕਾ 37 ਸਾਲਾ ਧੋਨੀ ਦਾ ਇਹ ਆਖਰੀ ਵਿਸ਼ਵ ਕੱਪ ਹੋਵੇਗਾ। ਧੋਨੀ ਆਪਣੇ ਆਖਰੀ ਵਿਸ਼ਵ ਕੱਪ ਨੂੰ ਇਕ ਹੋਰ ਖਿਤਾਬੀ ਜਿੱਤ ਦੇ ਨਾਲ ਯਾਦਗਾਰ ਬਣਾਉਣਾ ਚਾਹੇਗਾ। ਭਾਰਤੀ ਟੀਮ ਵਿਚ ਕਪਤਾਨ ਵਿਰਾਟ ਕੋਹਲੀ 227 ਮੈਚ, ਉਪ ਕਪਤਾਨ ਰੋਹਿਤ ਸ਼ਰਮਾ 206 ਮੈਚ,  ਰਵਿੰਦਰ ਜਡੇਜਾ 151 ਮੈਚ, ਸ਼ਿਖਰ ਧਵਨ 128 ਮੈਚ ਤੇ ਭੁਵਨੇਸ਼ਵਰ ਕੁਮਾਰ 105 ਮੈਚ ਖੇਡ ਚੁੱਕੇ ਹਨ।

ਗੇਲ ਸਭ ਤੋਂ ਵੱਧ ਵਨ ਡੇ ਖੇਡਣ ਦਾ ਮਾਮਲੇ ਵਿਚ ਦੂਜੇ ਨੰਬਰ 'ਤੇ

ਤਜਰਬੇ ਤੇ ਵਨ ਡੇ ਵਿਚ ਸਭ ਤੋਂ ਵੱਧ ਮੈਚ ਖੇਡਣ ਦੇ ਮਾਮਲੇ ਵਿਚ ਧੋਨੀ ਦੇ ਸਭ ਤੋਂ ਨੇੜੇ ਵਿਰੋਧੀ ਵਿਰੋਧੀ ਵੈਸਟਇੰਡੀਜ਼ ਦਾ ਕ੍ਰਿਸ ਗੇਲ ਹੈ, ਜਿਸ ਨੇ 286 ਮੈਚ ਖੇਡੇ ਹਨ। ਪਿਛਲੇ ਕੁਝ ਸਾਲਾਂ ਵਿਚ ਜ਼ਿਆਦਾਤਰ ਸਮੇਂ ਵਿੰਡੀਜ਼ ਟੀਮ ਵਿਚੋਂ ਬਾਹਰ ਰਹਿਣ ਵਾਲੇ ਗੇਲ ਨੂੰ ਇਸ ਵਿਸਵ ਕੱਪ ਲਈ ਕੈਰੇਬੀਆਈ ਟੀਮ ਵਿਚ ਸ਼ਾਮਲ ਕੀਤਾ ਹੈ। ਉਹ ਵੈਸਟਇੰਡੀਜ਼ ਦੀ ਟੀਮ ਵਿਚ 150 ਤੋਂ ਵੱਧ ਵਨ ਡੇ ਖੇਡਣ ਵਲਾ ਇਕਲੌਤਾ ਖਿਡਾਰੀ ਹੈ। ਵੈਸਟਇੰਡੀਜ਼ ਦੀ ਟੀਮ 1975 ਤੇ 1979 ਵਿਚ ਵਿਸ਼ਵ ਕੱਪ ਜੇਤੂ ਰਹੀ ਸੀ। 

ਤੀਜੇ ਨੰਬਰ 'ਤੇ ਪਾਕਿਸਤਾਨ ਦਾ ਸ਼ੋਅਬ ਮਲਿਕ

ਪਾਕਿਸਤਾਨ ਦਾ ਆਲਰਾਊਂਡਰ ਸ਼ੋਏਬ ਮਲਿਕ 284 ਮੈਚਾਂ ਦੇ ਨਾਲ ਇਸ ਵਿਸ਼ਵ ਕੱਪ ਵਿਚ ਤੀਜਾ ਸਭ ਤੋਂ ਤਜਰਬੇਕਾਰ ਖਿਡਾਰੀ ਹੋਵੇਗਾ। ਮਲਿਕ ਪਾਕਿਸਤਾਨ ਦੀ ਟੀਮ ਵਿਚ ਵੀ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਪਾਕਿਸਤਾਨ ਨੇ 1992 ਵਿਚ ਇਮਰਾਨ ਖਾਨ ਦੀ ਕਪਤਾਨੀ ਵਿਚ ਵਿਸ਼ਵ ਕੱਪ ਜਿੱਤਿਆ ਸੀ। ਪਾਕਿਸਤਾਨ ਦੀ ਟੀਮ ਦੇ ਇਕ ਹੋਰ ਖਿਡਾਰੀ ਮੁਹੰਮਦ ਹਫੀਜ਼ ਨੇ 210 ਮੈਚ ਤੇ ਕਪਤਾਨ ਸਰਫਰਾਜ ਅਹਿਮਦ ਨੇ 106 ਮੈਚ ਖੇਡੇ ਹਨ। 

ਰੋਸ ਟੇਲਰ ਇਕ ਹੋਰ ਤਜਰਬੇਕਾਰ ਖਿਡਾਰੀ

ਨਿਊਜ਼ੀਲੈਂਡ ਦਾ ਧਮਾਕੇਦਾਰ ਬੱਲੇਬਾਜ਼ ਰੋਸ ਟੇਲਰ 218 ਮੈਚਾਂ ਦੇ ਨਾਲ ਇਕ ਹੋਰ ਤਜਰਬੇਕਾਰ ਖਿਡਾਰੀ ਹੋਵੇਗਾ। ਕੀਵੀ ਟੀਮ ਵਿਚ ਕਪਤਾਨ ਕੇਨ ਵਿਲੀਅਮਸਨ ਨੇ 139, ਟਿਮ ਸਾਊਥੀ  ਨੇ 139 ਤੇ ਮਾਰਟਿਨ ਗੁਪਟਿਲ ਨੇ 169 ਮੈਚ ਖੇਡੇ ਹਨ। 

ਬੰਗਲਾਦੇਸ਼ੀ ਟੀਮ 'ਚ ਕਈ ਧਾਕੜ ਖਿਡਾਰੀ

ਬੰਗਲਾਦੇਸ਼ ਦੀ ਟੀਮ ਵਿਚ ਕਈ ਧਾਕੜ ਖਿਡਾਰੀਆਂ ਨੂੰ ਰੱਖਿਆ ਗਿਆ ਹੈ ਤੇ ਇਹ ਟੀਮ ਤਜਰਬੇ ਦੇ ਲਿਹਾਜ ਨਾਲ ਹੋਰਨਾਂ ਕਈ ਟੀਮਾਂ 'ਤੇ ਭਾਰੀ ਪੈਂਦੀ ਹੈ। ਮਸ਼ਰਫੀ ਮੁਰਤਜਾ ਨੇ 206 ਮੈਚ, ਮੁਸ਼ਫਿਕਰ ਰਹੀਮ ਨੇ 204 ਮੈਚ, ਸ਼ਾਕਿਬ ਅਲ ਹਸਨ ਨੇ 198 ਮੈਚ, ਤਮੀਮ ਇਕਬਾਲ ਨੇ 192 ਮੈਚ ਤੇ ਮਹਿਮੂਦਉੱਲਾ ਨੇ 174 ਮੈਚ ਖੇਡੇ ਹਨ।

ਆਸਟਰੇਲੀਆ ਟੀਮ 'ਚ ਸਭ ਤੋਂ ਤਜਰਬੇਕਾਰ ਫਿੰਚ

ਸਾਬਕਾ ਚੈਂਪੀਅਨ ਆਸਟਰੇਲੀਆਈ ਟੀਮ ਵਿਚ ਕਪਤਾਨ ਆਰੋਨ ਫਿੰਚ 109 ਮੈਚਾਂ ਦੇ ਨਾਲ ਆਪਣੀ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਸਾਬਕਾ ਕਪਤਾਨ ਸਟੀਵ ਸਮਿਥ ਨੇ 108 ਮੈਚ, ਓਪਨਰ ਡੇਵਿਡ ਵਾਰਨਰ ਨੇ 106 ਮੈਚ ਤੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ 100 ਮੈਚ ਖੇਡੇ ਹਨ। 

ਮੇਜ਼ਬਾਨ ਇੰਗਲੈਂਡ ਕੋਲ ਮੋਰਗਨ ਤਜਰਬੇਕਾਰ ਖਿਡਾਰੀ

ਮੇਜ਼ਬਾਨ ਇੰਗਲੈਂਡ ਕੋਲ ਇਯੋਨ ਮੋਰਗਨ ਦੇ ਰੂਪ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ, ਜਿਸ ਨੇ 199 ਮੈਚ ਖੇਡੇ ਹਨ ਤੇ ਵਿਸਵ ਕੱਪ ਵਿਚ ਆਪਣੀ ਟੀਮ ਦਾ ਪਹਿਲਾ ਮੈਚ ਖੇਡਦੇ ਹੀ ਉਹ 200 ਵਨ ਡੇ ਪੂਰੇ ਕਰ ਲਵੇਗਾ। ਜੋਸ ਬਟਲਰ ਨੇ 131 ਤੇ ਜੋ ਰੂਟ ਨੇ 132 ਮੈਚ ਖੇਡੇ ਹਨ।

ਦੱ. ਅਫਰੀਕੀ ਟੀਮ 'ਚ ਅਮਲਾ ਸਭ ਤੋਂ ਵੱਧ ਤਜਰਬੇਕਾਰ

ਦੱਖਣੀ ਅਫਰੀਕੀ ਟੀਮ ਵਿਚ ਓਫਨਰ ਹਾਸ਼ਿਮ ਅਮਲਾ 174 ਮੈਚਾਂ ਦੇ ਨਾਲ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਹੋਰਨਾਂ ਖਿਡਾਰੀਆਂ ਵਿਚ ਕਪਤਾਨ ਫਾਫ ਡੂ ਪਲੇਸਿਸ ਨੇ 134, ਡੇਲ ਸਟੇਨ ਨੇ 123, ਡੇਵਿਡ ਮਿਲਰ ਨੇ 120, ਕਵਿੰਟਨ ਡੀ ਕੌਕ ਨੇ 106 ਤੇ ਜੇ. ਪੀ. ਡੁਮਿਨੀ ਨੇ 104 ਮੈਚ ਖੇਡੇ ਹਨ।

ਸ਼੍ਰੀਲੰਕਾਈ ਟੀਮ 'ਚ ਮਲਿੰਗਾ ਤੇ ਮੈਥਿਊਜ਼  200 ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ

ਸਾਲ 1996 ਦਾ ਵਿਸਵ ਕੱਪ ਜਿੱਤਣ ਵਾਲੀ ਸ਼੍ਰੀਲੰਕਾਈ ਟੀਮ ਵਿਚ ਲਸਿਥ ਮਲੰਗਾ ਤੇ ਐਂਜੇਲੋ ਮੈਥਿਊਜ਼ 2 ਅਜਿਹੇ ਖਿਡਾਰੀ ਹਨ, ਜਿਨਾਂ ਨੇ 200 ਤੋਂ ਵੱਧ ਮੈਚ ਖੇਡੇ ਹਨ। ਮਲਿੰਗਾ ਨੇ 218 ਤੇ ਮੈਥਿਊਜ਼ ਨੇ 203 ਮੈਚ ਖੇਡੇ ਹਨ। ਤਿਸ਼ਾਰਾ ਪਰੇਰਾ 153 ਤੇ ਲਾਹਿਰੂ ਥਿਰੀਮਾਨੇ 117 ਮੈਚ ਖੇਡ ਚੁੱਕਾ ਹੈ।

ਅਫਗਾਨਿਸਤਾਨ ਦੀ ਟੀਮ ਵਿਚ ਮੁਹੰਮਦ ਨਬੀ ਤੇ ਸਾਬਕ ਕਪਤਾਨ ਅਸਗਰ ਅਫਗਾਨ 100 ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਹਨ। ਅਸ਼ਗਰ ਨੇ 100 ਤੋਂ ਮੁਹੰਮਦ ਨਬੀ ਨੇ 111 ਮੈਚ ਖੇਡੇ ਹਨ।

Ranjit

This news is Content Editor Ranjit