ਧੋਨੀ ਨੂੰ ਘਰੇਲੂ ਕ੍ਰਿਕਟ ''ਚ ਖੇਡਣਾ ਚਾਹੀਦੈ : ਮਹਿੰਦਰ ਅਮਰਨਾਥ

12/12/2018 11:33:25 PM

ਨਵੀਂ ਦਿੱਲੀ- ਸਾਬਕਾ ਆਲਰਾਊਂਡਰ ਤੇ ਚੋਣਕਰਤਾ ਮਹਿੰਦਰ ਅਮਰਨਾਥ ਨੂੰ ਲਗਦਾ ਹੈ ਕਿ ਮਹਿੰਦਰ ਸਿੰਘ ਧੋਨੀ ਤੇ ਹੋਰ ਸੀਨੀਅਰ ਖਿਡਾਰੀਆਂ ਨੂੰ ਰਾਸ਼ਟਰੀ ਟੀਮ ਵਿਚ ਚੋਣ ਲਈ ਯੋਗ ਬਣਨ ਲਈ ਘਰੇਲੂ ਕ੍ਰਿਕਟ ਵਿਚ ਖੇਡਣਾ ਚਾਹੀਦਾ ਹੈ। ਹਾਲ ਹੀ ਵਿਚ ਟਵੰਟੀ-20 ਟੀਮ 'ਚੋਂ ਬਾਹਰ ਕੀਤੇ ਜਾਣ ਵਾਲੇ ਤੇ ਲੰਮਾ ਸਮਾਂ ਪਹਿਲਾਂ ਟੈਸਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਧੋਨੀ ਸਿਰਫ ਵਨ-ਡੇ ਕ੍ਰਿਕਟ 'ਚ ਖੇਡਦਾ ਹੈ।
ਸਮਾਂ ਹੋਣ ਦੇ ਬਾਵਜੂਦ ਇਹ ਸਾਬਕਾ ਕਪਤਾਨ ਇਸ ਸਾਲ 50 ਓਵਰ ਦੇ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ 'ਚ ਨਹੀਂ ਖੇਡਿਆ ਅਤੇ ਬਿਨਾਂ ਕਿਸੇ ਮੈਚ ਅਭਿਆਸ ਦੇ ਅਗਲੇ ਮਹੀਨੇ ਆਸਟਰੇਲੀਆ 'ਚ 3 ਮੈਚਾਂ ਦੀ ਵਨ-ਡੇ ਸੀਰੀਜ਼ ਖੇਡਣ ਜਾਵੇਗਾ। 
ਅਮਰਨਾਥ ਨੇ ਕਿਹਾ ਕਿ ਹਰ ਵਿਅਕਤੀ ਅਲੱਗ ਹੁੰਦਾ ਹੈ ਪਰ ਮੇਰਾ ਹਮੇਸ਼ਾ ਇਕ ਚੀਜ਼ 'ਚ ਵਿਸ਼ਵਾਸ ਰਿਹਾ ਹੈ ਕਿ ਜੇਕਰ ਤੁਸੀਂ ਭਾਰਤ ਲਈ ਖੇਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸੂਬੇ ਲਈ ਵੀ ਖੇਡਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ (ਬੀ. ਸੀ. ਸੀ. ਆਈ.) ਆਪਣੀ ਇਸ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਣਾ ਚਾਹੀਦਾ ਹੈ। ਕਾਫੀ ਸੀਨੀਅਰ ਖਿਡਾਰੀ ਘਰੇਲੂ ਕ੍ਰਿਕਟ ਨਹੀਂ ਖੇਡਦੇ। 
ਮਹਾਨ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵੀ ਹੁਣੇ ਜਿਹੇ ਇਹੀ ਸੁਝਾਅ ਦਿੱਤਾ ਸੀ। ਸ਼ਿਖਰ ਧਵਨ ਇਕ ਹੋਰ ਖਿਡਾਰੀ ਹੈ, ਜੋ ਟੈਸਟ ਟੀਮ 'ਚੋਂ ਬਾਹਰ ਕੀਤੇ ਜਾਣ ਦੇ ਬਾਵਜੂਦ ਰਣਜੀ ਟਰਾਫੀ 'ਚ ਨਹੀਂ ਖੇਡ ਰਿਹਾ ਹੈ।