ਧੋਨੀ ਨੇ ਛੱਕਾ ਲਗਾ ਕੇ ਸੈਂਕੜਾ ਕੀਤਾ ਪੂਰਾ, ਯਾਦ ਆਇਆ 2011 ਵਰਲਡ ਕੱਪ ਫਾਈਨਲ (Video)

05/29/2019 1:26:02 PM

ਨਵੀਂ ਦਿੱਲੀ : ਵਰਲਡ ਕੱਪ ਤੋਂ ਪਹਿਲਾਂ ਆਖਰੀ ਅਭਿਆਸ ਮੈਚ ਵਿਚ ਭਾਰਤੀ ਟੀਮ ਨੇ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ ਹੈ। ਪਹਿਲੇ ਅਭਿਆਸ ਮੈਚ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਦੂਜੇ ਅਭਿਆਸ ਮੈਚ ਵਿਚ ਟੀਮ ਨੇ ਦਮਦਾਰ ਵਾਪਸੀ ਕੀਤੀ ਅਤੇ ਬੰਗਲਾਦੇਸ਼ ਖਿਲਾਫ 350 ਤੋਂ ਵੱਧ ਦਾ ਪਹਾੜ ਵਰਗਾ ਸਕੋਰ ਬਣਾਇਆ। ਮੰਗਲਵਾਰ ਨੂੰ ਕਾਰਡਿਫ ਵਿਖੇ ਬੰਗਲਾਦੇਸ਼ ਅਤੇ ਇੰਡੀਆ ਆਖਰੀ ਅਭਿਆਸ ਮੈਚ ਵਿਚ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਧੋਨੀ ਨੇ ਆਪਣਾ ਦਮ ਦਿਖਾਉਂਦਿਆਂ ਤੂਫਾਨੀ ਸੈਂਕੜਾ ਲਗਾਇਆ। ਧੋਨੀ ਨੇ 73 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸੈਂਕੜੇ ਵਾਲੀ ਪਾਰੀ ਵਿਚ ਧੋਨੀ ਨੇ 6 ਛੱਕੇ ਅਤੇ 8 ਚੌਕੇ ਲਗਾਏ। ਦਿਲਚਸਪ ਗੱਲ ਇਹ ਰਹੀ ਕਿ ਧੋਨੀ ਨੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ।

ਧੋਨੀ 78 ਗੇਂਦਾਂ ਵਿਚ 113 ਦੌੜਾਂ ਬਣਾ ਕੇ ਆਖਰੀ ਵਿਚ ਆਊਟ ਹੋਏ। ਇਹ 2017 ਤੋਂ ਬਾਅਦ ਧੋਨੀ ਦਾ ਪਹਿਲਾ ਸੈਂਕੜਾ ਹੈ। ਇਸ ਤੋਂ ਪਹਿਲਾਂ ਧੋਨੀ ਨੇ 19 ਜਨਵਰੀ 2017 ਵਿਚ ਇੰਗਲੈਂਡ ਖਿਲਾਫ 134 ਦੌੜਾਂ ਦੀ ਪਾਰੀ ਖੇਡੀ ਸੀ ਪਰ ਉਹ ਮੈਚ ਅੰਤਰਰਾਸ਼ਟਰੀ ਮੈਚ ਸੀ ਅਤੇ ਇਹ ਅਭਿਆਸ ਮੈਚ ਹੈ। ਮੈਚ ਵਿਚ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 100 ਦੌੜਾਂ ਦੇ ਅੰਦਰ ਟੀਮ ਦੇ ਟਾਪ ਆਰਡਰ ਦੇ ਮੁੱਖ ਬੱਲੇਬਾਜ਼ ਆਊਟ ਹੋ ਗਏ। ਮੁਸ਼ਕਲ ਵਿਚ ਦਿਸ ਰਹੀ ਭਾਰਤੀ ਟੀਮ ਨੂੰ ਕੇ. ਐੱਲ. ਰਾਹੁਲ ਨੇ ਧੋਨੀ ਨਾਲ ਮਿਲ ਕੇ ਉਭਾਰਿਆ ਅਤੇ ਦੋਵਾਂ ਨੇ ਆਪਣੇ-ਆਪਣੇ ਸੈਂਕੜੇ ਵੀ ਪੂਰੇ ਕੀਤੇ। ਦੋਵਾਂ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਟੀਮ ਨੇ 50 ਓਵਰਾਂ ਵਿਚ 359 ਦੌੜਾਂ ਬਣਾਈਆਂ।