ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚੋਂ ਬਾਹਰ ਹੋਏ ਧਵਨ, ਇਸ ਖਿਡਾਰੀ ਨੂੰ ਮਿਲਿਆ ਮੌਕਾ

11/27/2019 12:51:11 PM

ਨਵੀਂ ਦਿੱਲੀ : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਅਗਲੇ ਮਹੀਨੇ 3 ਵਨ ਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ। ਇਸ ਦੀ ਸ਼ੁਰੂਆਤ 6 ਦਸੰਬਰ ਨੂੰ ਹੋ ਰਹੀ ਹੈ। ਇਸ ਦੇ ਲਈ ਪਿਛਲੇ ਹਫਤੇ ਹੀ ਭਾਰਤੀ ਟੀਮ ਦਾ ਐਲਾਨ ਹੋਇਆ ਸੀ। ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਰਹੇ ਸੰਜੂ ਸੈਮਸਨ ਨੂੰ ਬਿਨਾ ਮੈਚ ਖਿਡਾਏ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਵੈਸਟਇੰਡੀਜ਼ ਖਿਲਾਫ ਉਸ ਦੀ ਜਗ੍ਹਾ ਵਿਰਾਟ ਕੋਹਲੀ ਦੀ ਵਾਪਸੀ ਹੋਈ ਹੈ।

ਸੱਟ ਕਾਰਣ ਧਵਨ ਹੋਏ ਬਾਹਰ

ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ 'ਚੋਂ ਬਾਹਰ ਹੋ ਗਏ ਹਨ। ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ ਦਿੱਲੀ ਲਈ ਖੇਡਦਿਆਂ ਉਸ ਦੇ ਗੋਡੇ 'ਤੇ ਸੱਟ ਲੱਗੀ ਸੀ ਜਿਸ ਵਜ੍ਹਾ ਤੋਂ ਉਹ ਟੀਮ 'ਚੋਂ ਬਾਹਰ ਹੋ ਗਏ ਹਨ। ਹਾਲਾਂਕਿ ਧਵਨ ਦੀ ਮੌਜੂਦਾ ਸਮੇਂ ਫਾਰਮ ਵੀ ਕੁਝ ਚੰਗੀ ਨਹੀਂ ਚਲ ਰਹੀ। ਵੈਸਟਇੰਡੀਜ਼ ਖਿਲਾਫ ਸੀਰੀਜ਼ ਤੋਂ ਪਹਿਲਾਂ ਉਸ ਨੇ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਸੀਰੀਜ਼ ਵਿਚ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਸੀ। ਟੀਮ ਵਿਚ ਉਸ ਦੀ ਜਗ੍ਹਾ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਸੀ।

ਸੰਜੂ ਸੈਮਸਨ ਟੀਮ 'ਚ ਸ਼ਾਮਲ

ਧਵਨ ਦੇ ਜ਼ਖਮੀ ਹੋਣ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੰਗਾਲਦੇਸ਼ ਖਿਲਾਫ ਸੀਰੀਜ਼ ਵਿਚ ਉਹ ਟੀਮ ਦਾ ਹਿੱਸਾ ਸਨ ਪਰ ਵੈਸਟਇੰਡੀਜ਼ ਸੀਰੀਜ਼ ਲਈ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਹੁਣ ਇਕ ਵਾਰ ਫਿਰ ਸੈਮਸਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸੈਮਸਨ ਨੇ ਭਾਰਤ ਲਈ 2015 ਜ਼ਿੰਬਾਬਵੇ ਖਿਲਾਫ ਟੀ-20 ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਭਾਰਤੀ ਟੀਮ ਲਈ ਕੋਈ ਵੀ ਮੈਚ ਨਹੀਂ ਖੇਡਿਆ ਹੈ। ਉਸ ਦੇ ਟੀਮ 'ਚ ਆਉਣ ਨਾਲ ਰਿਸ਼ਭ ਪੰਤ 'ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਰਹੇਗਾ।

ਕੀ ਪਲੇਇੰਗ ਇਲੈਵਨ 'ਚ ਮਿਲੇਗੀ ਜਗ੍ਹਾ
ਸੰਜੂ ਸੈਮਸਨ ਨੂੰ ਟੀਮ ਵਿਚ ਜਗ੍ਹਾ ਭਾਂਵੇ ਹੀ ਮਿਲ ਗਈ ਹੋਵੇ ਪਰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਣ 'ਤ ਅਜੇ ਵੀ ਸਵਾਲ ਬਣਿਆ ਹੋਇਆ ਹੈ। ਸ਼ਿਖਰ ਧਵਨ ਦੇ ਟੀਮ 'ਚੋਂ ਬਾਹਰ ਹੋਣ ਤੋਂ ਬਾਅਦ ਕੇ. ਐੱਲ. ਰਾਹੁਲ ਬਤੌਰ ਸਲਾਮੀ ਬੱਲੇਬਾਜ਼ੀ ਕਰਦ ਦਿਸ ਸਕਦੇ ਹਨ ਉੱਥੇ ਹੀ ਵਿਕਟਕੀਪਰ ਦੇ ਰੂਪ 'ਚ ਰਿਸ਼ਭ ਪੰਤ ਅਜੇ ਵੀ ਪਹਿਲੀ ਪਸੰਦ ਬਣੇ ਹੋਏ ਹਨ।