ਡਰਾਅ ਦੇ ਬਾਵਜੂਦ ਅਰਵਿੰਦ ਨੇ ਬਰਕਰਾਰ ਰੱਖੀ ਬੜ੍ਹਤ

11/05/2017 9:30:21 AM

ਪਟਨਾ, (ਬਿਊਰੋ), (ਨਿਕਲੇਸ਼ ਜੈਨ)— ਖਾਦੀ ਇੰਡੀਆ 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਵਿਚ ਇਕ ਦਿਨ ਦੇ ਆਰਾਮ ਤੋਂ ਬਾਅਦ ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਪਹਿਲਾਂ ਤੋਂ ਹੀ ਇਹ ਗੱਲ ਸਾਫ ਸੀ ਕਿ ਖੇਡ ਵਿਚ ਜ਼ਿਆਦਾ ਹਮਲਾਵਰ ਵਤੀਰਾ ਦੇਖਣ ਨੂੰ ਮਿਲੇਗਾ। ਅੱਜ ਦੇ ਨਤੀਜੇ ਵੀ ਕੁਝ ਇਸੇ ਤਰ੍ਹਾਂ ਨਾਲ ਸਾਹਮਣੇ ਆਏ। 7 ਬੋਰਡਾਂ ਵਿਚੋਂ 4 ਮੈਚ ਜਿੱਤ-ਹਾਰ ਦਾ ਨਤੀਜਾ ਲੈ ਕੇ ਆਏ, ਜਦਕਿ 3 ਮੁਕਾਬਲੇ ਬਰਾਬਰੀ 'ਤੇ ਰਹੇ।
ਪਹਿਲੇ ਬੋਰਡ 'ਤੇ ਮੁਕਾਬਲਾ ਸਮਮੇਦ ਛੋਟੇ ਤੇ ਗ੍ਰੈਂਡ ਮਾਸਟਰ ਸਵਪਿਨਲ ਥੋਪਾੜੇ ਵਿਚਾਲੇ ਸੀ। ਸਮਮੇਦ ਵਿਰੁੱਧ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਸਵਪਿਨਲ ਨੇ ਕਾਰੋ ਕਾਨ ਓਪਨਿੰਗ ਵਿਚ ਆਪਣੀ ਸ੍ਰੇਸ਼ਠਤਾ ਆਸਾਨੀ ਨਾਲ ਸਾਬਤ ਕੀਤੀ ਤੇ ਇਕ ਆਸਾਨ ਜਿੱਤ ਦਰਜ ਕੀਤੀ।  ਦੂਜੇ ਬੋਰਡ 'ਤੇ ਬਹੁਤ ਹੀ ਸ਼ਾਨਦਾਰ ਮੁਕਾਬਲਾ ਬਰਾਬਰੀ ਨਾਲ ਡਰਾਅ ਰਿਹਾ। ਲਗਾਤਾਰ 3 ਹਾਰ ਤੋਂ ਬਾਅਦ ਅੱਜ ਦੀਪਨ ਚੱਕਰਵਰਤੀ ਨੇ ਸਭ ਤੋਂ ਅੱਗੇ ਚੱਲ ਰਹੇ ਅਰਵਿੰਦ ਚਿਦੰਬਰਮ ਨਾਲ ਬੇਹੱਦ ਹੀ ਰੋਮਾਂਚਕ ਡਰਾਅ ਮੈਚ ਖੇਡਿਆ। ਮੈਚ 103 ਚਾਲਾਂ ਤਕ ਚੱਲ ਕੇ ਵੀ ਡਰਾਅ ਖਤਮ ਹੋਇਆ। 
ਤੀਜੇ ਬੋਰਡ 'ਤੇ ਸੁਨੀਲ ਨਾਰਾਇਣ ਤੇ ਅਭਿਜੀਤ ਕੁੰਟੇ ਵਿਚਾਲੇ ਸਿਸਿਲੀਅਨ ਕਾਨ ਵਿਚ ਹੋਇਆ ਮੁਕਾਬਲਾ 35 ਚਾਲਾਂ ਵਿਚ ਬਰਾਬਰੀ 'ਤੇ ਖਤਮ ਹੋਇਆ। ਚੌਥੇ ਬੋਰਡ 'ਤੇ ਰੋਹਿਤ ਲਲਿਤ ਬਾਬੂ ਨੇ ਲਕਸ਼ਮਣ ਦੀਆਂ ਓਪਨਿੰਗ ਵਿਚ ਕੀਤੀਆਂ ਗਈਆਂ ਗਲਤੀਆਂ ਦਾ ਫਾਇਦਾ ਚੁੱਕਦੇ ਹੋਏ ਇਕ ਆਸਾਨ ਜਿੱਤ ਦਰਜ ਕੀਤੀ। 5ਵੇਂ ਬੋਰਡ 'ਤੇ ਫੋਰ ਨਾਈਟ ਓਪਨਿੰਗ ਵਿਚ ਖੇਡਿਆ ਗਿਆ ਐੱਸ. ਨਿਤਿਨ ਤੇ ਮੁਰਲੀ ਕਾਰਤੀਕੇਅਨ ਵਿਚਾਲੇ ਮੁਕਾਬਲਾ ਸਿਰਫ 19 ਚਾਲਾਂ ਵਿਚ ਬਰਾਬਰੀ 'ਤੇ ਖਤਮ ਹੋਇਆ। ਛੇਵੇਂ ਬੋਰਡ 'ਤੇ ਸਿਸਿਲੀਅਨ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਅਰਧਿਆਦੀਪ ਦਾਸ ਨੇ ਸ਼ਾਮ ਨਿਖਿਲ 'ਤੇ ਜ਼ੋਰਦਾਰ ਜਿੱਤ ਦਰਜ ਕੀਤੀ।  7ਵੇਂ ਬੋਰਡ 'ਤੇ ਇਕ ਹੋਰ ਜਿੱਤ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਖਰਾਬ ਲੈਅ ਵਿਚ ਚੱਲ ਰਹੇ ਹਿਮਾਂਸ਼ੂ ਲਈ ਇਸ ਦੌਰ ਦੀ ਸ਼ੁਰੂਆਤ ਹੋਰ ਨਾਲ ਹੋਈ । ਉਹ ਅੱਜ ਦੇਬਾਸ਼ੀਸ਼ ਦਾਸ ਦੇ ਹੱਥੋਂ ਹਾਰ ਗਿਆ। ਸੱਤ ਰਾਊਂਡ ਤੋਂ ਬਾਅਦ ਅਰਵਿੰਦ 5 ਅੰਕਾਂ ਨਾਲ ਪਹਿਲੇ, ਮੁਰਲੀ, ਸੁਨੀਲ ਤੇ ਰੋਹਿਤ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ, ਜਦਕਿ ਅਰਧਿਆਦੀਪ ਦਾਸ 4 ਅੰਕਾਂ ਨਾਲ ਤੀਜੇ ਸਥਾਨ 'ਤੇ ਚੱਲ ਰਹੇ ਹਨ।