ਮੁਸ਼ਕਲਾਂ ਦੇ ਬਾਵਜੂਦ ਸਵਿਤਾ ਨੇ ਭਾਰਤ ਦੇ ਲਈ ਹਾਕੀ ਖੇਡਣ ਦਾ ਸੁਪਨਾ ਕੀਤਾ ਪੂਰਾ

08/13/2018 2:54:09 PM

ਸਿਰਸਾ : ਭਾਰਤੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੁਨੀਆ ਨੇ ਆਪਣੇ ਕਰੀਅਰ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਟੀਚੇ ਨੂੰ ਹਾਸਲ ਕੀਤਾ। ਜਦੋਂ ਉਹ ਆਪਣੇ ਪਿੰਡ ਤੋਂ ਸਿਰਸਾ ਦੇ ਸਕੂਲ 'ਚ ਅਭਿਆਸ ਕਰਨ ਜਾਂਦੀ ਤਾਂ ਲੜਕੇ ਉਸ ਨਾਲ ਹਮੇਸ਼ਾ ਛੇੜ-ਛਾੜ ਕਰਦੇ ਅਤੇ ਤੰਗ ਕਰਦੇ ਪਰ ਇਨਾਂ ਮੁਸ਼ਕਲਾਂ ਦੇ ਬਾਵਜੂਦ ਉਹ ਅੱਗੇ ਵੱਧਦੀ ਰਹੀ ਅਤੇ ਰਾਸ਼ਟਰੀ ਟੀਮ 'ਚ ਖੇਡਣ ਦਾ ਸੁਪਨਾ ਪੂਰਾ ਕੀਤਾ। ਉਹ ਇਕ ਹਫਤੇ 'ਚ 6 ਵਾਰ ਆਪਣੀ ਹਾਕੀ ਦੇ ਖੇਡ ਨੂੰ ਸੁਧਾਰਨ ਲਈ ਸਿਰਸਾ ਨਗਰ ਦੇ ਮਹਾਰਾਜ ਅਗਰਸੇਨ ਸੀ. ਸੈਕੰਡਰੀ ਸਕੂਲ 'ਚ ਖੇਡਣ ਲਈ 30 ਕਿ.ਮੀ. ਦੀ ਦੂਰੀ ਤੈਅ ਕਰਦੀ।

ਉਸ ਦੇ ਪਿੰਡ ਦੇ ਨੇੜੇ ਇਹ ਸਕੂਲ ਹੀ ਅਜਿਹਾ ਸੀ ਜਿੱਥੇ ਉਸ ਨੂੰ ਹਾਕੀ ਦੀ ਚੰਗੀ ਟ੍ਰੇਨਿੰਗ ਮਿਲਦੀ ਸੀ। ਉਹ ਆਪਣੇ ਪਿੰਡ ਜੋਧਕਨ ਅਤੇ ਸਿਰਸਾ ਦੇ ਸਕੂਲ ਦੇ ਲਈ ਬਸ 'ਚ ਯਾਤਰਾ ਕਰਦੀ। ਉਸ ਨੂੰ ਇਕ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਉਸ ਸਮੇਂ ਕਰਨਾ ਪਿਆ ਜਦੋਂ ਉਸ ਨੂੰ ਸੈਕਸ ਸਬੰਧੀ ਭੇਦ-ਭਾਵ ਅਤੇ ਤੰਗ ਕੀਤਾ ਜਾਣ ਲੱਗਾ।

ਸਵਿਤਾ ਦੇ ਪਿਤਾ ਮਹਿੰਦਰ ਪੁਨੀਆ ਨੇ ਦੱਸਿਆ ਕਿ ਉਹ ਆਪਣਾ ਅਭਿਆਸ ਕਰਨ ਦੇ ਬਾਅਦ ਘਰ ਆਉਂਦੀ ਤਾਂ ਕਹਿੰਦੀ ਕਿ 'ਪਾਪਾ ਲੜਕੇ ਮੈਨੂੰ ਬੱਸ 'ਚ ਛੇੜਦੇ ਹਨ'। ਇਨਾਂ ਮੁਸ਼ਕਲਾਂ ਕਾਰਨ ਉਹ ਹੋਰ ਮਜ਼ਬੂਤ ਹੋ ਗਈ। ਉਹ ਲੜਕੇ ਮੇਰੀ ਬੇਟੀ ਨੂੰ ਆਪਣੇ ਸੁਪਨੇ ਪੂਰੇ ਕਰਨ ਤੋਂ ਵਾਂਝੇ ਨਹੀਂ ਕਰ ਸਕੇ। ਮੇਰੀ ਬੇਟੀ ਦਾ ਸੁਪਨਾ ਭਾਰਤ ਦੇ ਲਈ ਖੇਡਣਾ ਸੀ। ਉਸ ਨੇ ਅਜਿਹਾ ਹੀ ਕੀਤਾ ਅਤੇ ਹੁਣ ਉਹ ਦੇਸ਼ ਦੇ ਲਈ ਖੇਡ ਰਹੀ ਹੈ। ਮੇਰੀ ਬੇਟੀ ਦਾ ਦੇਸ਼ ਦੇ ਲਈ ਹਰ ਪ੍ਰਦਰਸ਼ਨ ਉਨ੍ਹਾਂ ਲੜਕਿਆਂ ਦੇ ਮੁੰਹ 'ਤੇ ਚਪੇੜ ਹੈ। ਸਵਿਤਾ ਦੇ ਪਿਤਾ ਨੇ ਦੱਸਿਆ ਕਿ ਰਿਸ਼ਤੇਦਾਰ ਅਤੇ ਗੁਆਂਡੀ ਵੀ ਮੇਰੀ ਬੇਟੀ ਨੂੰ ਪਰੇਸ਼ਾਨ ਕਰਦੇ ਰਹੇ। ਲੋਕ ਹਮੇਸ਼ਾ ਕਹਿੰਦੇ ਸਨ ਕਿ ਸਵਿਤਾ ਲੜਕਿਆਂ ਨਾਲ ਖੇਡਦੀ ਹੈ। ਇਨਾਂ ਗੱਲਾਂ ਕਾਰਨ ਮੇਰੀ ਬੇਟੀ ਪਰੇਸ਼ਾਨ ਤਾਂ ਹੁੰਦੀ ਸੀ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ।