ਦੀਪਤੀ ਸ਼ਰਮਾ ਟੀ-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚੀ

02/01/2023 2:04:28 PM

ਦੁਬਈ (ਭਾਸ਼ਾ)– ਭਾਰਤ ਦੀ ਆਲਰਾਊਂਡਰ ਦੀਪਤੀ ਸ਼ਰਮਾ ਮੰਗਲਵਾਰ ਨੂੰ ਜਾਰੀ ਤਾਜਾ ਆਈ. ਸੀ. ਸੀ. ਟੀ-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਤੇ ਉਸਦੀਆਂ ਨਜ਼ਰਾਂ ਹੁਣ ਚੋਟੀ ਰੈਂਕਿੰਗ ’ਤੇ ਟਿਕੀਆਂ ਹਨ, ਜਿਸ ’ਤੇ ਇੰਗਲੈਂਡ ਦੀ ਸੋਫੀ ਐਕਲੇਸਟੋਨ ਕਾਬਜ਼ ਹੈ। ਦੱਖਣੀ ਅਫਰੀਕਾ ਵਿਚ ਚੱਲ ਰਹੀ ਮਹਿਲਾ ਟੀ-20 ਕੌਮਾਂਤਰੀ ਤਿਕੋਣੀ ਲੜੀ ਵਿਚ 9 ਵਿਕਟਾਂ ਦੇ ਨਾਲ ਸਭ ਤੋਂ ਸਫਲ ਗੇਂਦਬਾਜ਼ ਰਹੀ 25 ਸਾਲ ਦੀ ਆਫ ਸਪਿਨਰ ਦੀਪਤੀ ਤੇ ਇੰਗਲੈਂਡ ਦੀ ਖੱਬੇ ਹੱਥ ਦੀ ਸਪਿਨਰ ਐਕਲੇਸਟੋਨ ਵਿਚਾਲੇ ਹੁਣ ਸਿਰਫ 26 ਅੰਕਾਂ ਦਾ ਫਰਕ ਹੈ। ਦੀਪਤੀ ਦੇ 737 ਅੰਕ ਹਨ ਤੇ ਉਸ ਨੂੰ ਤਾਜਾ ਰੈਂਕਿੰਗ ਵਿਚ ਇਕ ਸਥਾਨ ਦਾ ਫਾਇਦਾ ਹੋਇਆ ਹੈ।

ਤਿਕੋਣੀ ਲੜੀ ਵਿਚ 4 ਵਿਕਟਾਂ ਲੈਣ ਵਾਲੀ ਦੱਖਣੀ ਅਫਰੀਕਾ ਦੀ ਖੱਬੇ ਹੱਥ ਦੀ ਸਪਿਨਰ ਨੋਨਕੁਲੁਲੇਕੋ ਮਲਾਬਾ ਵੀ ਇਕ ਸਥਾਨ ਦੇ ਫਾਇਦੇ ਨਾਲ 732 ਅੰਕਾਂ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਇਹ ਦੋਵੇਂ ਜੇਕਰ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੀਆਂ ਹਨ ਤਾਂ ਇਨ੍ਹਾਂ ਕੋਲ 10 ਫਰਵਰੀ ਤੋਂ ਦੱਖਣੀ ਅਫਰੀਕਾ ਵਿਚ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਐਕਲੇਸਟੋਨ ਨੂੰ ਪਛਾੜ ਕੇ ਚੋਟੀ ’ਤੇ ਕਾਬਜ਼ ਹੋਣ ਦਾ ਮੌਕਾ ਹੋਵੇਗਾ।

ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵੀਰਵਾਰ ਨੂੰ ਈਸਟ ਲੰਡਨ ਵਿਚ ਟੀ-20 ਕੌਮਾਂਤਰੀ ਤਿਕੋਣੀ ਲੜੀ ਦੇ ਫਾਈਨਲ ਵਿਚ ਭਿੜਨਗੀਆਂ। ਭਾਰਤ ਦੀ ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਵੀ ਚਾਰ ਸਥਾਨਾਂ ਦੇ ਫਾਇਦੇ ਨਾਲ 14ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਹਫਤੇ ਟਾਪ-10 ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਕਾਫੀ ਬਦਲਾਅ ਹੋਇਆ ਹੈ। ਆਸਟਰੇਲੀਆ ਦੀ ਖੱਬੇ ਹੱਥ ਦੀ ਬੱਲੇਬਾਜ਼ ਤਾਹਲਿਆ ਮੈਕਗ੍ਰਾ ਨੇ ਟੀ-20 ਕੌਮਾਂਤਰੀ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ ਸਥਾਨ ’ਤੇ ਆਪਣੀ ਮਜ਼ਬੂਤ ਸਥਿਤੀ ਬਰਕਰਾਰ ਰੱਖੀ ਹੈ।

cherry

This news is Content Editor cherry