ਵਿਸ਼ਵ ਚੈਂਪੀਅਨਸ਼ਿਪ ''ਚ ਵੀ ਨਹੀਂ ਖੇਡੇਗੀ ਦੀਪਾ

06/23/2017 2:15:43 AM

ਨਵੀਂ ਦਿੱਲੀ— ਰੀਓ ਓਲੰਪਿਕ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਚੌਥਾ ਸਥਾਨ ਹਾਸਲ ਕਰਨ ਵਾਲੀ ਜਿਮਨਾਸਟ ਦੀਪਾ ਕਰਮਾਕਰ ਆਪਣੇ ਗੋਡੇ ਦੀ ਸਰਜਰੀ ਤੋਂ ਉਭਰਨ ਤੋਂ ਬਾਅਦ ਰਿਹੈਬਲੀਟੇਸ਼ਨ ਦੇ ਦੌਰ ਵਿਚੋਂ ਲੰਘ ਰਹੀ ਹੈ ਤੇ ਇਸ ਸਾਲ ਅਕਤੂਬਰ ਵਿਚ ਮਾਂਟ੍ਰੀਅਲ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੇਗੀ।
ਦੀਪਾ ਦੀ ਅਪ੍ਰੈਲ ਦੇ ਸ਼ੁਰੂ ਵਿਚ ਮੁੰਬਈ ਵਿਚ ਗੋਡੇ ਦੀ ਸਰਜਰੀ ਹੋਈ ਸੀ, ਜਿਸ ਕਾਰਨ ਉਹ ਮਈ ਵਿਚ ਏਸ਼ੀਆਈ ਚੈਂਪੀਅਨਸ਼ਿਪ ਤੋਂ ਦੂਰ ਰਹੀ ਸੀ ਤੇ ਹੁਣ ਮਾਂਟ੍ਰੀਅਲ ਵਿਚ 2 ਤੋਂ 8 ਅਕਤੂਬਰ ਤਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਵੀ ਦੂਰ ਰਹੇਗੀ। ਦੀਪਾ ਤੇ ਉਸਦੇ ਕੋਚ ਬਿਸੇਸ਼ਵਰ ਨੰਦੀ ਨੇ ਵੀਰਵਾਰ ਨੂੰ ਟਾਟਾ ਟੀ ਦੇ 'ਅਲਾਰਮ ਵੱਜਣ ਤੋਂ ਪਹਿਲਾਂ ਜਾਗੋ ਰੇ' ਮੁਹਿੰਮ ਨੂੰ ਲਾਂਚ ਕਰਦਿਆਂ ਕਿਹਾ ਕਿ ਉਹ ਅਜੇ ਛੇ ਮਹੀਨੇ ਤਕ ਮੈਦਾਨ ਤੋਂ ਬਾਹਰ ਰਹੇਗੀ। ਹਾਲਾਂਕਿ ਇਸ ਦੌਰਾਨ ਉਸਦਾ ਰਿਹੈਬਲੀਟੇਸ਼ਨ ਚੱਲਦਾ ਰਹੇਗਾ।