ਕੁਸ਼ਤੀ ''ਚ ਨੌਜਵਾਨਾਂ ''ਤੇ ਰਿਹਾ ਦਾਰੋਮਦਾਰ

12/29/2017 2:33:02 AM

ਜਲੰਧਰ— ਕੁਸ਼ਤੀ ਲਈ 2017 ਵਿਚ ਉਪਲਬੱਧੀਆਂ ਘੱਟ ਤੇ ਉਤਾਰ-ਚੜ੍ਹਾਅ ਜ਼ਿਆਦਾ ਦੇਖੇ ਗਏ। ਸੀਨੀਅਰ ਪਹਿਲਵਾਨਾਂ ਨੇ ਜਿੱਥੇ ਕਈ ਮੌਕਿਆਂ 'ਤੇ ਨਿਰਾਸ਼ ਕੀਤਾ, ਉਥੇ ਹੀ ਜੂਨੀਅਰ ਪਹਿਲਵਾਨਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਭਾਰਤ ਦਾ ਝੰਡਾ ਬੁਲੰਦ ਕੀਤਾ। ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਵਿਚ ਸਿਰਫ ਬਜਰੰਗ ਹੀ 65 ਕਿਲੋਗ੍ਰਾਮ ਵਰਗ ਵਿਚ ਸੋਨਾ ਜਿੱਤ ਸਕਿਆ। ਮਹਿਲਾ ਪਹਿਲਵਾਨ ਸਾਕਸ਼ੀ ਨੇ 60 ਕਿਲੋਗ੍ਰਾਮ ਵਰਗ ਵਿਚ ਚਾਂਦੀ ਜਿੱਤੀ। ਤਾਈਵਾਨ 'ਚ ਹੋਈ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਵਿਚ ਦੋ ਸੋਨ ਸਮੇਤ 12 ਤਮਗੇ ਆਏ, ਉਥੇ ਹੀ ਕੈਡੇਟ ਪਹਿਲਵਾਨ ਕੈਡੇਟ ਏਸ਼ੀਆਈ ਚੈਂਪੀਅਨਸ਼ਿਪ 'ਚ 5 ਸੋਨ ਸਮੇਤ 23 ਤਮਗੇ ਲੈ ਕੇ ਆਏ। ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 'ਚ ਵੀ 29 ਸੋਨ ਸਮੇਤ 59 ਤਮਗੇ ਜਿੱਤੇ। ਰਾਸ਼ਟਰੀ ਚੈਂਪੀਅਨਸ਼ਿਪ ਵਿਚ ਸੁਸ਼ੀਲ ਕੁਮਾਰ ਨੂੰ ਵਾਕਓਵਰ ਮਿਲਣਾ ਵਿਵਾਦਾਂ ਭਰਿਆ ਰਿਹਾ। ਸਾਲ ਦੇ ਅੰਤ ਵਿਚ ਪ੍ਰੋ-ਕੁਸ਼ਤੀ ਲੀਗ ਵਿਚ ਪਹਿਲਵਾਨਾਂ ਨੂੰ ਚੰਗੀ ਕੀਮਤ ਮਿਲਣਾ ਸੁਖਦਾਈ ਅਹਿਸਾਸ ਦੇ ਗਿਆ।
3 ਸਾਲ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਖੇਡਣ ਉਤਰਿਆ  ਤਾਂ ਉਸਦੇ ਸਾਹਮਣੇ ਦੇ ਤਿੰਨ ਪਹਿਲਵਾਨਾਂ ਨੇ ਉਸ ਨੂੰ ਵਾਕਓਵਰ ਦੇ ਦਿੱਤਾ। ਇਨ੍ਹਾਂ ਪਹਿਲਵਾਨਾਂ ਨੇ ਸੁਸ਼ੀਲ ਦੇ ਨਾਲ ਕ੍ਰਮਵਾਰ ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਵਿਚ ਹਿੱਸਾ ਲੈਣਾ ਸੀ। ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਪਰ ਬੀਜਿੰਗ ਓਲੰਪਿਕ ਵਿਚ ਕਾਂਸੀ ਤੇ ਲੰਡਨ ਓਲੰਪਿਕ ਵਿਚ ਚਾਂਦੀ ਤਮਗਾ ਜਿੱਤ ਕੇ ਇਤਿਹਾਸ ਬਣਾਉਣ ਵਾਲੇ ਸੁਸ਼ੀਲ ਨੇ ਕਿਹਾ ਕਿ ਇਸ ਵਿਚ ਮੈਂ ਕੀ ਕਰ ਸਕਦਾ ਹਾਂ, ਜਦੋਂਕਿ ਮੇਰੇ ਸਾਹਮਣੇ ਵਾਲੇ ਪਹਿਲਵਾਨ ਹੀ ਲੜਨ ਲਈ ਰਾਜ਼ੀ ਨਹੀਂ ਹਨ। ਇਸ ਸਮੇਂ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਰੀਓ ਓਲੰਪਿਕ ਤੋਂ ਪਹਿਲਾਂ ਸੁਸ਼ੀਲ ਦੀ ਟ੍ਰਾਇਲ ਦੀ ਮੰਗ ਨੂੰ ਰੱਦ ਕਰਦਿਆਂ ਨਰਸਿੰਘ ਦਾ ਪੱਖ ਲਿਆ ਸੀ।