CWC 2019 : ਸ਼੍ਰੀਲੰਕਾ ਨੇ ਵਿੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ

07/01/2019 11:32:15 PM

ਚੇਸਟਰ ਲੀ ਸਟ੍ਰੀਟ- ਨੌਜਵਾਨ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਦੇ ਕਰੀਅਰ ਦੇ ਪਹਿਲੇ ਸੈਂਕੜੇ ਤੋਂ ਬਾਅਦ ਵਿਰੋਧੀ ਹਾਲਾਤ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੇ ਨਿਕੋਲਸ ਪੂਰਣ ਦੇ ਸੈਂਕੜੇ 'ਤੇ ਪਾਣੀ ਫੇਰਦੇ ਹੋਏ ਵਿਸ਼ਵ ਕੱਪ ਲੀਗ ਮੈਚ ਵਿਚ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ ਤੇ ਨਾਲ ਹੀ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।


ਸ਼੍ਰੀਲੰਕਾ ਦੀ 8 ਮੈਚਾਂ ਵਿਚੋਂ ਇਹ ਤੀਜੀ ਜਿੱਤ ਹੈ ਤੇ ਉਸਦੇ 8 ਅੰਕ ਹੋ ਗਏ ਹਨ। ਸ਼੍ਰੀਲੰਕਾ ਨੂੰ ਹੁਣ ਆਪਣਾ ਆਖਰੀ ਮੈਚ ਭਾਰਤ ਨਾਲ ਖੇਡਣਾ ਹੈ ਤੇ ਉਸ ਨੂੰ ਜਿੱਤਣ ਦੇ ਨਾਲ ਹੀ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਪਵੇਗੀ। ਵਿੰਡੀਜ਼ ਨੂੰ 8 ਮੈਚਾਂ ਵਿਚ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਦੀਆਂ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ ਨਿਕੋਲਸ ਪੂਰਣ (118) ਦੇ ਕਰੀਅਰ ਦੇ ਪਹਿਲੇ ਸੈਂਕੜੇ ਤੇ ਫਾਬਿਆਨ ਐਲਨ (51) ਨਾਲ ਉਸਦੀ 7ਵੀਂ ਵਿਕਟ ਦੀ 83 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 9 ਵਿਕਟਾਂ 'ਤੇ 315 ਦੌੜਾਂ ਹੀ ਬਣਾ ਸਕੀ। 


ਕਰੀਅਰ ਦਾ ਨੌਵਾਂ ਵਨ ਡੇ ਖੇਡ ਰਹੇ ਪੂਰਣ ਨੇ 103 ਗੇਂਦਾਂ ਦੀ ਆਪਣੀ ਪਾਰੀ ਵਿਚ 11 ਚੌਕੇ ਤੇ 4 ਛੱਕੇ ਲਾਏ। ਉਸ ਨੇ ਕਪਤਾਨ ਜੈਸਨ ਹੋਲਡਰ (26) ਨਾਲ ਪੰਜਵੀਂ ਵਿਕਟ ਲਈ 61 ਜਦਕਿ ਕਾਰਲੋਸ ਬ੍ਰੈੱਥਵੇਟ (8) ਨਾਲ ਛੇਵੀਂ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਸ਼੍ਰੀਲੰਕਾ ਵਲੋਂ ਲਸਿਥ ਮਲਿੰਗਾ ਨੇ 55 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। 
ਇਸ ਤੋਂ ਪਹਿਲਾਂ ਫਰਨਾਂਡੋ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ 9ਵੇਂ ਵਨ ਡੇ ਵਿਚ ਆਪਣਾ ਪਹਿਲਾ ਸੈਂਕੜਾ ਬਣਾਇਆ। 21 ਸਾਲਾ ਫਰਨਾਂਡੋ ਨੇ 103 ਗੇਂਦਾਂ 'ਤੇ 104 ਦੌੜਾਂ ਦੀ ਪਾਰੀ ਵਿਚ 9 ਚੌਕੇ ਤੇ 2 ਛੱਕੇ ਲਾਏ। ਉਹ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਉਣ ਤੋਂ ਬਾਅਦ ਟੀਮ ਦੇ 314 ਦੇ ਸਕੋਰ 'ਤੇ 48ਵੇਂ ਓਵਰ ਵਿਚ ਆਊਟ ਹੋਇਆ।
ਸ਼੍ਰੀਲੰਕਾ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਪਹਿਲੀ ਵਿਕਟ ਲਈ 93 ਦੌੜਾਂ ਦੀ  ਸ਼ਾਨਦਾਰ ਓਪਨਿੰਗ ਸਾਂਝੇਦਾਰੀ ਕੀਤੀ। ਕਪਤਾਨ ਦਿਮੁਥ ਕਰੁਣਾਰਤਨੇ  ਨੇ 48 ਗੇਂਦਾਂ 'ਤੇ 32 ਦੌੜਾਂ ਵਿਚ 4 ਚੌਕੇ ਲਾਏ, ਜਦਕਿ ਕੁਸ਼ਲ ਪਰੇਰਾ ਨੇ 51 ਗੇਂਦਾਂ 'ਤੇ 64 ਦੌੜਾਂ ਵਿਚ 8 ਚੌਕੇ ਲਾਏ। ਦੋਵੇਂ ਓਪਨਰ 11 ਦੌੜਾਂ ਦੇ ਫਰਕ ਵਿਚ ਆਊਟ ਹੋਏ ਪਰ ਇਸ ਤੋਂ ਬਾਅਦ ਫਰਨਾਂਡੋ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।
ਫਰਨਾਂਡੋ ਨੇ ਤੀਜੀ ਵਿਕਟ ਲਈ ਕੁਸ਼ਲ ਮੈਂਡਿਸ ਦੇ ਨਾਲ 85 ਦੌੜਾਂ, ਚੌਥੀ ਵਿਕਟ ਲਈ ਐਂਜੇਲੋ ਮੈਥਿਊਜ਼ ਨਾਲ 58 ਦੌੜਾਂ ਤੇ 5ਵੀਂ ਵਿਕਟ ਲਈ ਲਾਹਿਰੂ ਥਿਰੀਮਾਨੇ ਦੇ ਨਾਲ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਮੈਂਡਿਸ ਨੇ 41 ਗੇਂਦਾਂ 'ਤੇ 39 ਦੌੜਾਂ ਵਿਚ 4 ਚੌਕੇ, ਮੈਥਿਊਜ਼ ਨੇ 20 ਗੇਂਦਾਂ 'ਤੇ 26 ਦੌੜਾਂ ਵਿਚ 2 ਚੌਕੇ ਤੇ 1 ਛੱਕਾ ਅਤੇ ਥਿਰੀਮਾਨੇ ਨੇ 33 ਗੇਂਦਾਂ 'ਤੇ ਅਜੇਤੂ 45 ਦੌੜਾਂ ਵਿਚ 4 ਚੌਕੇ ਲਾਏ। ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਕੈਰੇਬੀਆਈ ਟੀਮ ਦਾ ਗੇਂਦਬਾਜ਼ੀ ਵਿਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਕਪਤਾਨ ਜੈਸਨ ਹੋਲਡਰ ਨੇ 59 ਦੌੜਾਂ 'ਤੇ 2 ਵਿਕਟਾਂ ਲਈਆਂ, ਜਦਕਿ ਸ਼ੈਲਡਨ ਕੋਟਰੈੱਲ, ਓਸ਼ਨ ਥਾਮਸ ਤੇ ਫਾਬਿਅਨ ਐਲਨ ਨੇ 1-1 ਵਿਕਟ ਲਈ।

ਟੀਮਾਂ ਹੇਠਾਂ ਮੁਤਾਬਕ ਹਨ :- 
ਸ਼੍ਰੀਲੰਕਾ : ਦਿਮੁਥ ਕਰੁਣਾਰਤਨੇ (ਕਪਤਾਨ), ਕੁਸਲ ਪਰੇਰਾ, ਅਵਿਸ਼ਕਾ ਫਰਨਾਂਡੋ, ਕੁਸਲ ਮੇਂਡਿਸ, ਐਂਜਲੋ ਮੈਥਿਊਜ਼, ਲਹਿਰੂ ਥਿਰੀਮਾਨੇ, ਧਨੰਜਿਆ ਡੀ ਸਿਲਵਾ, ਈਸੂਰ ਉਡਾਨਾ, ਜੈਫਰੇ ਵੰਦਰਸੇ, ਕਸੂਨ ਰਜਿਥਾ, ਲਸਿਥ ਮਲਿੰਗਾ।

ਵੈਸਟਇੰਡੀਜ਼ : ਕ੍ਰਿਸ ਗੇਲ, ਸੁਨੀਲ ਐਮਬ੍ਰਿਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰੋਨ ਹੈਟਮਾਇਰ, ਜੇਸਨ ਹੋਲਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਫੈਬੀਅਨ ਐਲਨ, ਸ਼ੈਨਨ ਗੈਬਰੀਅਲ, ਸ਼ੇਲਡਨ ਹਾਟਰੇਲ, ਓਸ਼ਾਨੇ ਥਾਮਸ।