CWC 2019 : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 4 ਵਿਕਟਾਂ ਨਾਲ ਹਰਾਇਆ

06/20/2019 12:22:07 AM

ਬਰਮਿੰਘਮ- ਗੇਂਦਬਾਜ਼ਾਂ ਦੇ ਅਨੁਸ਼ਾਸਨ ਭਰੇ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਦੇ ਅਜੇਤੂ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਦੇ ਮੈਚ ਵਿਚ 4 ਵਿਕਟਾਂ ਨਾਲ ਹਰਾ ਕੇ ਅੰਤਿਮ-4 ਦੇ ਦਰਵਾਜ਼ੇ ਉਸ ਦੇ ਲਈ ਲਗਭਗ ਬੰਦ ਕਰ ਦਿੱਤੇ। ਇਸ ਜਿੱਤ ਦੇ ਨਾਲ ਪਿਛਲੀ ਵਾਰ ਦੀ ਉਪ-ਜੇਤੂ ਨਿਊਜ਼ੀਲੈਂਡ 5 ਮੈਚਾਂ ਵਿਚ 9 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ ਹੈ ਜਦਕਿ ਦੱਖਣੀ ਅਫਰੀਕਾ 6 ਮੈਚਾਂ ਵਿਚ 3 ਅੰਕਾਂ ਦੇ ਨਾਲ 10 ਟੀਮਾਂ ਵਿਚ 8ਵੇਂ ਸਥਾਨ 'ਤੇ ਹੈ।


ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਸੈਮੀਫਾਈਨਲ ਵਿਚ ਪ੍ਰਵੇਸ਼ ਦੀਆਂ ਮਾਮੂਲੀ ਉਮੀਦਾਂ ਬਰਕਰਾਰ ਰੱਖਣ ਲਈ ਇਹ ਮੈਚ ਹਰ ਹਾਲਤ ਵਿਚ ਜਿੱਤਣਾ ਸੀ। ਦੱਖਣੀ ਅਫਰੀਕਾ ਦੇ 6 ਵਿਕਟਾਂ 'ਤੇ 241 ਦੌੜਾਂ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ 3 ਗੇਂਦਾਂ ਬਾਕੀ ਰਹਿੰਦੇ ਟੀਚਾ ਹਾਸਲ ਕਰ ਲਿਆ। ਮੁਸ਼ਕਲ ਪਿੱਚ 'ਤੇ ਵਿਲੀਅਮਸਨ ਕਪਤਾਨੀ ਪਾਰੀ ਖੇਡਦਾ ਹੋਇਆ 138 ਗੇਂਦਾਂ 'ਤੇ 9 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 106 ਦੌੜਾਂ ਬਣਾ ਕੇ ਅਜੇਤੂ ਰਿਹਾ।
ਨਿਊਜ਼ੀਲੈਂਡ ਨੂੰ ਆਖਰੀ ਓਵਰ ਵਿਚ ਜਿੱਤ ਲਈ 8 ਦੌੜਾਂ ਦੀ ਲੋੜ ਸੀ। ਵਿਲੀਅਮਸਨ ਨੇ ਏਂਡਿਲੇ ਫੇਲਕਵਾਓ ਦੀ ਦੂਜੀ ਗੇਂਦ 'ਤੇ ਚੌਕਾ ਅਤੇ ਤੀਜੀ 'ਤੇ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਉਸ ਨੇ ਮਾਰਟਿਨ ਗੁਪਟਿਲ ਦੇ ਨਾਲ ਦੂਜੀ ਵਿਕਟ ਲਈ 60 ਅਤੇ ਕੋਲਿਨ ਡੀ ਗ੍ਰੈਂਡਹੋਮ ਦੇ ਨਾਲ ਛੇਵੀਂ ਵਿਕਟ ਲਈ 91 ਦੌੜਾਂ ਜੋੜੀਆਂ। ਕੋਲਿਨ ਡੀ ਗ੍ਰੈਂਡਹੋਮ ਨੇ ਕਪਤਾਨ ਦਾ ਬਾਖੂਬੀ ਸਾਥ ਨਿਭਾਉਂਦੇ ਹੋਏ 47 ਗੇਂਦਾਂ ਵਿਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਗਿੱਲੀ ਆਊਟਫੀਲਡ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਇਆ ਅਤੇ ਘਟਾ ਕੇ 49 ਓਵਰ ਪ੍ਰਤੀ ਟੀਮ ਕਰ ਦਿੱਤਾ ਗਿਆ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਉਸ ਦੇ ਗੇਂਦਬਾਜ਼ਾਂ ਨੇ ਇਸ ਨੂੰ ਕਾਫੀ ਹੱਦ ਤੱਕ ਸਹੀ ਸਾਬਿਤ ਕਰ ਕੇ ਦਿਖਾਇਆ। ਹਾਸ਼ਿਮ ਅਮਲਾ ਨੇ 55 ਦੌੜਾਂ ਬਣਾਉਣ ਲਈ 83 ਗੇਂਦਾਂ ਖੇਡੀਆਂ ਪਰ ਵਾਨ ਡੇਰ ਡੂਸੇਨ ਨੇ ਚੰਗੀ ਬੱਲੇਬਾਜ਼ੀ ਕਰਦੇ ਹੋਏ ਅਜੇਤੂ 67 ਦੌੜਾਂ ਬਣਾਈਆਂ। ਪਿਛਲੇ ਵਿਸ਼ਵ ਕੱਪ ਦੀ ਉਪ-ਜੇਤੂ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਮਦਦਗਾਰ ਵਿਕਟ 'ਤੇ ਕਾਫੀ ਅਨੁਸ਼ਾਸਤ ਪ੍ਰਦਰਸ਼ਨ ਕੀਤਾ।

ਟੀਮਾਂ :
ਦੱਖਣੀ ਅਫਰੀਕਾ
: ਹਾਸ਼ਿਮ ਅਮਲਾ, ਕੁਇੰਟਨ ਡੀ ਕਾਕ, ਆਇਡੇਨ ਮਾਰਕਰਮ, ਫਾਫ ਡੂ ਪਲੇਸਿਸ (ਕਪਤਾਨ), ਰੇਸੀ ਵਾਨ ਡੇਰ ਡਸਨ, ਡੇਵਿਡ ਮਿਲਰ, ਐਂਡੀਲੇ ਫਹਿਲੁਕਵਾਓ, ਕ੍ਰਿਸ ਮੌਰਿਸ, ਕਾਗਿਸੋ ਰਬਾਡਾ, ਲੂੰਗੀ ਐਨਗਿਡੀ, ਇਮਰਾਨ ਤਾਹਿਰ।


ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲੈਥਮ, ਜੇਮਸ ਨਿਸ਼ਮ, ਕੋਲਿਨ ਡੀ ਗ੍ਰੈਂਡਹਾਮ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਲੌਕੀ ਫਾਰਗੁਸਨ, ਟਰੈਂਟ ਬੋਲਟ।