CWC 2019 : ਮੋਰਗਨ ਦੇ ਤੂਫਾਨ 'ਚ ਉੜਿਆ ਅਫਗਾਨਿਸਤਾਨ, 150 ਦੌੜਾਂ ਨਾਲ ਜਿੱਤਿਆ ਇੰਗਲੈਂਡ

06/19/2019 12:32:52 AM

ਮੈਨਚੇਸਟਰ— ਕਪਤਾਨ ਇਯੋਨ ਮੋਰਗਨ ਦੀ ਰਿਕਾਰਡ 17 ਛੱਕਿਆਂ ਨਾਲ ਸਜੀ 148 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਨੇ ਅਫਗਾਨਿਸਤਾਨ ਦੀ ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਮੰਗਲਵਾਰ ਨੂੰ ਜੰਮ ਕੇ ਧੁਨਾਈ ਕਰਦੇ ਹੋਏ 50 ਓਵਰਾਂ ਵਿਚ 50 ਵਿਕਟਾਂ 'ਤੇ 397 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। 
ਮੋਰਗਨ ਨੇ ਵਿਸ਼ਵ ਕੱਪ ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਅਤੇ ਆਪਣਾ ਨਿੱਜੀ ਸਰਵਸ੍ਰੇਸ਼ਠ ਸਕੋਰ ਬਣਾਇਆ। ਉਸ ਨੇ ਸਿਰਫ 71 ਗੇਂਦਾਂ 'ਤੇ 4 ਚੌਕੇ ਅਤੇ ਰਿਕਾਰਡ 17 ਛੱਕੇ ਲਾਏ।  ਓਪਨਰ ਜਾਨੀ ਬੇਅਰਸਟੋ ਨੇ 99 ਗੇਂਦਾਂ 'ਤੇ 90 ਦੌੜਾਂ ਵਿਚ 8 ਚੌਕੇ ਅਤੇ 3 ਛੱਕੇ ਲਾਏ ਜਦਕਿ ਜੋ ਰੂਟ ਨੇ 82 ਗੇਂਦਾਂ 'ਤੇ 88 ਦੌੜਾਂ ਵਿਚ 5 ਚੌਕੇ ਅਤੇ 1 ਛੱਕਾ ਲਾਇਆ। ਓਪਨਰ ਜੇਮਸ ਵਿੰਸ ਨੇ 31 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ। ਮੋਇਨ ਅਲੀ ਨੇ ਵੀ ਵਹਿੰਦੀ ਗੰਗਾ ਵਿਚ ਹੱਥ ਧੋਂਦੇ ਹੋਏ ਸਿਰਫ 9 ਗੇਂਦਾਂ 'ਤੇ 1 ਚੌਕਾ ਅਤੇ 4 ਛੱਕੇ ਲਾ ਕੇ ਅਜੇਤੂ 31 ਦੌੜਾਂ ਬਣਾਈਆਂ।
ਇੰਗਲੈਂਡ ਦੀਆਂ 397 ਦੌੜਾਂ ਇਸ ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਇੰਗਲੈਂਡ ਨੇ ਇਸ ਵਿਸ਼ਵ ਕੱਪ ਵਿਚ ਬੰਗਲਾਦੇਸ਼ ਵਿਰੁੱਧ ਕਾਰਡਿਫ ਵਿਚ 386 ਦੌੜਾਂ ਬਣਾਈਆਂ ਸਨ ਅਤੇ ਉਸ ਨੇ ਇਸ ਸਕੋਰ ਨੂੰ ਪਿੱਛੇ ਛੱਡ ਦਿੱਤਾ। ਇੰਗਲੈਂਡ ਦੀਆਂ 397 ਦੌੜਾਂ  ਦਾ ਵਨ ਡੇ ਵਿਚ ਸਾਂਝੇ ਤੌਰ 'ਤੇ 25ਵਾਂ ਸਭ ਤੋਂ ਵੱਡਾ ਸਕੋਰ ਹੈ।
ਦਿਨ ਦੀ ਖੇਡ ਪੂਰੀ ਤਰ੍ਹਾਂ ਨਾਲ ਇੰਗਲੈਂਡ ਦੇ ਕਪਤਾਨ ਮੋਰਗਨ ਦੇ ਨਾਂ ਰਹੀ, ਜਿਸ ਨੇ ਆਪਣੇ ਧਮਾਕੇਦਾਰ ਛੱਕਿਆਂ ਨਾਲ ਦਰਸ਼ਕਾਂ ਨੂੰ ਪੈਸਾ ਵਸੂਲ ਕਰਵਾ ਦਿੱਤਾ। ਹਾਲਾਂਕਿ ਮੈਚ ਤੋਂ ਪਹਿਲਾਂ ਮੋਰਗਨ ਦੇ ਖੇਡਣ ਨੂੰ ਲੈ ਕੇ ਸ਼ੱਕ ਸੀ ਪਰ ਉਹ ਮੈਦਾਨ ਵਿਚ ਉਤਰਿਆ, ਟੀਮ ਦੀ ਕਮਾਨ ਸੰਭਾਲੀ, ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਫਿਰ ਆਪਣਾ ਨਿੱਜੀ ਸਰਵਸ੍ਰੇਸ਼ਠ ਸਕੋਰ ਬਣਾ ਦਿੱਤਾ। 
32 ਸਾਲਾ ਮੋਰਗਨ ਨੇ ਆਪਣਾ ਸੈਂਕੜਾ ਸਿਰਫ 57 ਗੇਂਦਾਂ 'ਚ ਪੂਰਾ ਕੀਤਾ, ਜਿਸ ਵਿਚ 3 ਚੌਕੇ ਅਤੇ 11 ਛੱਕੇ ਸ਼ਾਮਲ ਸਨ। ਉਸਦੀਆਂ 50 ਦੌੜਾਂ 36 ਗੇਂਦਾਂ ਵਿਚ ਬਣੀਆਂ ਸਨ ਜਦਕਿ  ਅਗਲੀਆਂ 50 ਦੌੜਾਂ ਲਈ ਉਸ ਨੇ ਸਿਰਫ 21 ਗੇਂਦਾਂ ਖੇਡੀਆਂ। ਇਹ ਉਸਦਾ 13ਵਾਂ ਵਨ ਡੇ ਸੈਂਕੜਾ ਸੀ। ਇਸ ਤੋਂ ਪਹਿਲਾਂ ਮੋਰਗਨ ਦਾ ਸਰਵਸ੍ਰੇਸ਼ਠ ਸਕੋਰ ਅਜੇਤੂ 124 ਦੌੜਾਂ ਸੀ, ਜਿਹੜਾ ਉਸ ਨੇ ਕਾਫੀ ਪਿੱਛੇ ਛੱਡ ਦਿੱਤਾ।
ਖੱਬੇ ਹੱਥ ਦੇ ਬੱਲੇਬਾਜ਼ ਮੋਰਗਨ ਨੇ ਇਸ ਦੇ ਨਾਲ ਹੀ ਵਨ ਡੇ ਵਿਚ 200 ਛੱਕੇ ਵੀ ਪੂਰੇ ਕਰ ਲਏ। ਉਸਦੇ ਹੁਣ 227 ਵਨ ਡੇ ਵਿਚ 211 ਛੱਕੇ ਹੋ ਗਏ ਹਨ ਅਤੇ ਉਹ ਵਨ ਡੇ ਵਿਚ ਸਭ ਤੋਂ ਵੱਧ ਛੱਕੇ ਲਾਉਣ ਦੇ ਮਾਮਲੇ ਵਿਚ 6ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਮੋਰਗਨ ਦੇ 17 ਛੱਕੇ ਵਿਸ਼ਵ ਕੱਪ ਵਿਚ ਇਕ ਪਾਰੀ ਵਿਚ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੇ 2015 ਦੇ ਵਿਸ਼ਵ ਕੱਪ ਵਿਚ 16 ਛੱਕੇ ਮਾਰੇ ਸਨ।