CWC 2019 : ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਮਹਾਮੁਕਾਬਲਾ

07/11/2019 5:30:01 AM

ਬਰਮਿੰਘਮ— ਕ੍ਰਿਕਟ ਦੇ ਮੱਕਾ ਕਹੇ ਜਾਣ ਵਾਲੇ ਇੰਗਲੈਂਡ ਦੀ ਰਾਸ਼ਟਰੀ ਟੀਮ ਪਹਿਲੀ ਵਾਰ ਵਿਸ਼ਵ ਜੇਤੂ ਬਣਨ ਦਾ ਸੁਪਨਾ ਪੂਰਾ ਕਰਨ ਲਈ ਵੀਰਵਾਰ ਆਪਣੇ ਘਰੇਲੂ ਮੈਦਾਨ 'ਤੇ ਖੇਡੇ ਜਾ ਰਹੇ ਆਈ. ਸੀ. ਸੀ. ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਪੁਰਾਣੇ ਵਿਰੋਧੀ ਤੇ ਸਾਬਕਾ ਚੈਂਪੀਅਨ ਆਸਟਰੇਲੀਆ ਦੀ ਸਖਤ ਚੁਣੌਤੀ ਦਾ ਸਾਹਮਣਾ ਕਰੇਗੀ।
ਭਾਰਤ ਤੇ ਨਿਊਜ਼ੀਲੈਂਡ ਵਿਰੁੱਧ ਲੀਗ ਗੇੜ ਵਿਚ ਮਿਲੀਆਂ ਦੋ ਲਗਾਤਾਰ ਜਿੱਤਾਂ ਤੋਂ ਬਾਅਦ ਇੰਗਲਿਸ਼ ਟੀਮ ਕਾਫੀ ਉਤਸ਼ਾਹਿਤ ਦਿਸ ਰਹੀ ਹੈ, ਜਦਕਿ ਆਸਟਰੇਲੀਆ ਨੂੰ ਆਪਣੇ ਆਖਰੀ ਗਰੁੱਪ ਮੈਚ 'ਚ ਦੱਖਣੀ ਅਫਰੀਕਾ ਹੱਥੋਂ 10 ਦੌੜਾਂ ਦੀ ਨੇੜਲੀ ਹਾਰ ਨਾਲ ਨਾ ਸਿਰਫ ਮਨੋਵਿਗਿਆਨਿਕ ਦਬਾਅ ਝੱਲਣਾ ਪਿਆ ਹੈ ਸਗੋਂ ਅੰਕ ਸੂਚੀ ਵਿਚ ਵੀ ਉਹ ਚੋਟੀ ਦੇ ਸਥਾਨ ਤੋਂ ਹਟ ਕੇ ਦੂਜੇ ਨੰਬਰ 'ਤੇ ਖਿਸਕ ਗਈ। ਸਾਬਕਾ ਚੈਂਪੀਅਨ ਆਸਟਰੇਲੀਆ ਲਈ ਪ੍ਰੇਸ਼ਾਨੀ ਸਿਰਫ ਇਹੀ ਨਹੀਂ ਹੈ ਸਗੋਂ ਉਸ ਨੂੰ ਅਹਿਮ ਪੜਾਅ 'ਤੇ ਆਪਣੇ ਖਿਡਾਰੀਆਂ ਦੀਆਂ ਸੱਟਾਂ ਨਾਲ ਵੀ ਜੂਝਣਾ ਪੈ ਰਿਹਾ ਹੈ, ਜਿਹੜੀ ਉਸ ਦੇ ਲਈ ਇਕ ਹੋਰ ਵੱਡੀ ਸਮੱਸਿਆ ਹੈ। ਹਾਲਾਂਕਿ ਐਜਬਸਟਨ ਵਿਚ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਵਿਚ ਕਿਸੇ ਵੀ ਲਿਹਾਜ਼ ਨਾਲ ਆਸਟਰੇਲੀਆ ਨੂੰ ਘੱਟ ਸਮਝਣਾ ਮੇਜ਼ਬਾਨ ਟੀਮ ਦੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦੇ ਸੁਪਨੇ ਨੂੰ ਢਹਿ-ਢੇਰੀ ਕਰ ਸਕਦਾ ਹੈ।
ਲੀਗ ਗੇੜ ਦੇ ਮੁਕਾਬਲੇ ਵਿਚ ਲਾਰਡਸ ਮੈਦਾਨ 'ਤੇ ਵੀ ਇੰਗਲਿਸ਼ ਟੀਮ ਨੂੰ ਆਸਟਰੇਲੀਆ ਤੋਂ 64 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਆਸਟਰੇਲੀਆ ਤੋਂ ਮਿਲੇ 286 ਦੌੜਾਂ ਦੇ ਟੀਚੇ ਸਾਹਮਣੇ ਇੰਗਲੈਂਡ ਲਈ ਸਿਰਫ ਮੱਧਕ੍ਰਮ ਦਾ ਬੱਲੇਬਾਜ਼ ਬੇਨ ਸਟੋਕਸ ਹੀ ਅਜੇਤੂ 89 ਦੌੜਾਂ ਦੀ ਪਾਰੀ ਖੇਡ ਸਕਿਆ ਸੀ ਤੇ ਬਾਕੀ ਹੋਰ ਕੋਈ ਬੱਲੇਬਾਜ਼ 30 ਦੌੜਾਂ ਦੇ ਸਕੋਰ ਤਕ ਨਹੀਂ ਪਹੁੰਚਿਆ ਤੇ ਅੰਤ ਟੀਮ 221 ਦੌੜਾਂ 'ਤੇ ਢੇਰ ਹੋ ਗਈ।  ਇੰਗਲਿਸ਼ ਟੀਮ ਲਈ ਹਾਲਾਂਕਿ ਮੌਜੂਦਾ ਹਾਲਾਤ ਕਿਤੇ ਬਿਹਤਰ ਲੱਗ ਰਹੇ ਹਨ ਤੇ ਲਗਾਤਾਰ ਜਿੱਤਾਂ ਨਾਲ ਉਸ ਦਾ ਆਤਮ-ਵਿਸ਼ਵਾਸ ਵੀ ਵਧਿਆ ਹੈ। ਟੀਮ ਲਈ ਚੰਗੀ ਖਬਰ ਹੈ ਕਿ ਉਸ ਦਾ ਸਟਾਰ ਓਪਨਰ ਜੈਸਨ ਰਾਏ ਵਾਪਸ ਪਰਤ ਆਇਆ ਹੈ। ਦੂਜੇ ਪਾਸੇ ਆਸਟਰੇਲੀਆਈ ਟੀਮ ਅਹਿਮ ਪੜਾਅ 'ਤੇ ਆ ਕੇ ਸੱਟਾਂ ਨਾਲ ਜੂਝ ਰਹੀ ਹੈ ਤੇ ਉਸ ਦੇ ਸਹਿ-ਕੋਚ ਤੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਇਸ ਸਥਿਤੀ ਨੂੰ ਟੀਮ ਲਈ ਨੁਕਸਾਨਦੇਹ ਦੱਸਿਆ ਹੈ।
ਇੰਗਲੈਂਡ ਨੂੰ ਸਾਲ 2015 ਦੇ ਪਿਛਲੇ ਵਿਸ਼ਵ ਕੱਪ ਸੈਸ਼ਨ 'ਚ ਪਹਿਲੇ ਹੀ ਰਾਊਂਡ ਵਿਚ ਬਾਹਰ ਹੋਣਾ ਪਿਆ ਸੀ, ਜਿਹੜਾ ਉਸ ਦਾ ਸਭ ਤੋਂ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਪਰ ਫਿਲਹਾਲ ਉਹ ਵਨ ਡੇ ਵਿਚ ਦੁਨੀਆ ਦੀਆਂ ਧਾਕੜ ਟੀਮਾਂ ਵਿਚੋਂ ਇਕ ਹੈ। ਇੰਗਲੈਂਡ 1979, 1987 ਤੇ 1992 ਵਿਚ ਫਾਈਨਲ ਤਕ ਪਹੁੰਚਿਆ ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ। ਇਸ ਵਾਰ ਟੀਮ ਦੀ ਫਾਰਮ ਨੂੰ ਦੇਖਦੇ ਹੋਏ ਮਾਹਿਰਾਂ ਨੇ ਅੰਦਾਜ਼ਾ ਲਾਇਆ ਸੀ ਕਿ ਇਹ ਉਸ ਦੇ ਕੋਲ ਸਭ ਤੋਂ ਸੁਨਹਿਰੀ ਮੌਕਾ ਹੈ। ਸਾਬਕਾ ਆਸਟਰੇਲੀਆਈ ਕੋਚ ਟ੍ਰੇਵਰ ਬੇਲਿਸ ਵੀ ਇੰਗਲਿਸ਼ ਟੀਮ ਲਈ ਇਸ ਮੁਕਾਬਲੇ ਵਿਚ ਅਹਿਮ ਮਾਰਗਦਰਸ਼ਕ ਸਾਬਤ ਹੋ ਸਕਦਾ ਹੈ, ਜਿਹੜਾ ਫਿਲਹਾਲ ਇੰਗਲਿਸ਼ ਟੀਮ ਦਾ ਮੁੱਖ ਕੋਚ ਹੈ। ਇੰਗਲੈਂਡ ਨੇ ਆਸਟਰੇਲੀਆ ਵਿਰੁੱਧ ਪਿਛਲੇ 12 ਵਿਚੋਂ 10 ਮੈਚ ਜਿੱਤੇ ਹਨ ਪਰ ਉਸ ਨੂੰ ਪਤਾ ਹੈ ਕਿ ਆਸਟਰੇਲੀਆਈ ਟੀਮ ਕਿੰਨੀ ਖਤਰਨਾਕ ਹੈ, ਜਿਸ ਨੇ ਉਸ ਨੂੰ ਲੀਗ ਗੇੜ ਵਿਚ 64 ਦੌੜਾਂ ਨਾਲ ਹਰਾਇਆ ਸੀ।
ਦੋਵੇਂ ਟੀਮਾਂ ਇਸ ਤਰ੍ਹਾਂ ਹਨ—
ਇੰਗਲੈਂਡ — ਇਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫ੍ਰਾ ਆਰਚਰ, ਜਾਨੀ ਬੇਅਰਸਟੋ, ਜੋਸ ਬਟਲਰ, ਟਾਮ ਕਿਊਰਾਨ, ਲਿਆਮ ਡਾਸਨ, ਲਿਆਮ ਪਲੰਕੇਟ, ਆਦਿਲ ਰਾਸ਼ਿਦ, ਜੋ ਰੂਟ, ਜੈਸਨ ਰਾਏ, ਬੇਨ ਸਟੋਕਸ, ਜੇਮਸ ਵਿੰਸ, ਕ੍ਰਿਸ ਵੋਕਸ, ਮਾਰਕ ਵੁਡ। 
ਆਸਟਰੇਲੀਆ— ਆਰੋਨ ਫਿੰਚ (ਕਪਤਾਨ), ਜੈਸਨ ਬਹਿਰਨਡ੍ਰੌਫ, ਐਲੇਕਸ ਕੈਰੀ, ਨਾਥਨ ਕੌਲਟਰ ਨਾਇਲ, ਪੈਟ ਕਮਿੰਸ, ਪੀਟਰ ਹੈਂਡਸਕੌਂਬ, ਉਸਮਾਨ ਖਵਾਜਾ, ਨਾਥਨ ਲਿਓਨ, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਸਟੀਵ ਸਮਿਥ, ਮਿਸ਼ੇਲ ਸਟਾਰਕ, ਮਾਰਕਸ ਸਟੋਇੰਸ, ਡੇਵਿਡ ਵਾਰਨਰ, ਐਡਮ ਜ਼ਾਂਪਾ।

Gurdeep Singh

This news is Content Editor Gurdeep Singh