CWC 2019 : ਜਾਣੋ ਬੋਲਡ ਹੋਣ ਦੇ ਬਾਵਜੂਦ ਅੰਪਾਇਰ ਨੇ ਕਰੁਣਾਰਤਨੇ ਨੂੰ ਕਿਉਂ ਨਹੀਂ ਦਿੱਤਾ ਆਊਟ

06/02/2019 1:32:18 PM

ਨਵੀਂ ਦਿੱਲੀ : ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਵਰਲਡ ਕੱਪ ਦੇ ਤੀਜੇ ਮੈਚ ਵਿਚ ਇਕ ਹੈਰਾਨੀਜਨਕ ਪਲ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ, ਜਦੋਂ ਨਿਊਜ਼ੀਲੈਂਡ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਸਾਹਮਣੇ ਸ਼੍ਰੀਲੰਕਾਈ ਕਪਤਾਨ ਨੂੰ ਕਿਸਮਤ ਦਾ ਸਹਾਰਾ ਮਿਲ ਗਿਆ। ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਦੀ ਗੇਂਦ ਵਿਕਟ ਨੂੰ ਲੱਗੀ ਪਰ ਬੇਲਸ ਨਹੀਂ ਡਿੱਗੀਆਂ, ਜਿਸ ਵਜ੍ਹਾ ਤੋਂ ਕਰੁਣਾਰਤਨੇ ਨੂੰ ਆਊਟ ਨਹੀਂ ਦਿੱਤਾ ਗਿਆ। ਦਰਅਸਲ, ਇਹ ਪਲ ਮੈਚ ਦੇ 6ਵੇਂ ਉਵਰ ਵਿਚ ਦੇਖਣ ਨੂੰ ਮਿਲਿਆ ਜਦੋਂ ਸ਼੍ਰੀਲੰਕਾਈ ਬੱਲੇਬਾਜ਼ ਕੁਸਲ ਪਰੇਰਾ ਨੇ ਬੋਲਟ ਦੀ ਲਗਾਤਾਰ 2 ਗੇਂਦਾਂ 'ਤੇ ਚੌਕਾ ਲਗਾਉਣ ਤੋਂ ਬਾਅਦ ਸਿੰਗਲ ਲੈ ਕੇ ਸਟ੍ਰਾਈਕ ਬਦਲ ਲਈ। ਓਵਰ ਦੀ ਚੌਥੀ ਗੇਂਦ ਬੋਲਟ ਨੇ ਕਰੁਣਾਰਤਨੇ ਨੂੰ ਆਫ ਸਟੰਪ ਗੇਂਦ ਕੀਤੀ ਜਿਸ 'ਤੇ ਬੱਲੇਬਾਜ਼ ਪੂਰੀ ਤਰ੍ਹਾਂ ਖੁੰਝ ਗਏ ਅਤੇ ਗੇਂਦ ਸਟੰਪ ਨੂੰ ਛੂਹ ਕੇ ਨਿਕਲ ਗਈ ਪਰ ਕਰੁਣਾਰਤਨੇ ਦੀ ਕਿਸਮਤ ਚੰਗੀ ਸੀ ਕਿ ਬੇਲਸ ਨਹੀਂ ਡਿੱਗੀ।

ਵਰਲਡ ਕੱਪ ਵਿਚ ਅਜਿਹੀ ਘਟਨਾ ਪਹਿਲੀ ਵਾਰ ਨਹੀਂ ਹੋਈ। ਵਰਲਡ ਕੱਪ ਦੇ ਪਹਿਲੇ ਮੈਚ ਵਿਚ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਦੀ ਗੇਂਦ ਕੁਇੰਟਨ ਡਿ ਕਾਕ ਨੂੰ ਬੀਟ ਕਰਦਿਆਂ ਸਟੰਪਸ 'ਤੇ ਲੱਗੀ ਸੀ ਪਰ ਉਸ ਸਮੇਂ ਵੀ ਬੇਲਸ ਨਹੀਂ ਡਿੱਗੀਆਂ। ਇਸ ਘਟਨਾ ਤੋਂ ਬਾਅਦ ਕੁਮੈਂਟਰੀ ਕਰ ਰਹੇ ਕਈ ਸਾਬਕਾ ਕ੍ਰਿਕਟਰਸ ਨੇ ਬੇਲਸ 'ਤੇ ਸਵਾਲ ਖੜੇ ਕੀਤੇ ਸੀ। ਕਰੁਣਾਰਤਨੇ ਦੀ ਵੀ ਬੇਲਸ ਨਹੀਂ ਡਿੱਗਣ 'ਤੇ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਅਤੇ ਇਸ ਮਾਮਲੇ ਨੂੰ ਚੁੱਕਿਆ ਜਾਣਾ ਬੇਹੱਦ ਜ਼ਰੂਰੀ ਹੈ।


ਕੁਮੈਂਟਟੇਰ ਆਕਾਸ਼ ਚੋਪੜਾ ਨੇ ਵੀ ਕਿਹਾ ਕਿ ਨਵੀਆਂ ਬੇਲਸ ਭਾਰੀਆਂ ਹਨ। ਜਿਸਦੀ ਵਜ੍ਹਾ ਨਾਲ ਵਿਕਟ 'ਤੇ ਗੇਂਦ ਲੱਗਣ ਤੋਂ ਬਾਅਦ ਵੀ ਕਈ ਵਾਰ ਬੇਲਸ ਨਹੀਂ ਡਿੱਗਦੀਆਂ। ਉਸ ਨੇ ਕਿਹਾ ਕਿ ਇਸ ਦਾ ਨੁਕਸਾਨ ਗੇਂਦਬਾਜ਼ਾਂ ਨੂੰ ਚੁੱਕਣਾ ਪੈ ਰਿਹਾ ਹੈ।