CWC 2019 : ਆਸਟਰੇਲੀਆ ਨੂੰ ਬੰਗਲਾਦੇਸ਼ ਕੋਲੋਂ ਰਹਿਣਾ ਪਵੇਗਾ ਚੌਕਸ

06/20/2019 3:11:50 AM

ਨਾਟਿੰਘਮ- ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਉਲਟਫੇਰ ਕਰਨ ਵਿਚ ਮਾਹਿਰ ਬੰਗਲਾਦੇਸ਼ ਖਿਲਾਫ ਵੀਰਵਾਰ ਨੂੰ ਨਾਟਿੰਘਮ ਵਿਚ ਵਿਸ਼ਵ ਕੱਪ ਮੁਕਾਬਲੇ ਵਿਚ ਚੌਕਸ ਹੋ ਕੇ ਖੇਡਣ ਪਵੇਗਾ। ਬੰਗਲਾਦੇਸ਼ ਨੇ ਇਸ ਟੂਰਨਾਮੈਂਟ ਵਿਚ ਹੁਣ ਤੱਕ ਸੰਤੋਸ਼ਜਨਕ ਪ੍ਰਦਰਸ਼ਨ ਕਰਦੇ ਹੋਏ 5 ਮੈਚਾਂ ਵਿਚ 2 ਜਿੱਤਾਂ, 2 ਹਾਰ ਅਤੇ 1 ਰੱਦ ਨਤੀਜੇ ਨਾਲ 5 ਅੰਕ ਹਾਸਲ ਕੀਤੇ ਹਨ, ਜਦਕਿ 2015 ਵਿਸ਼ਵ ਕੱਪ ਦੀ ਜੇਤੂ ਟੀਮ ਆਸਟਰੇਲੀਆ ਦੇ 5 ਮੈਚਾਂ ਵਿਚ 4 ਜਿੱਤਾਂ ਅਤੇ 1 ਹਾਰ ਨਾਲ 8 ਅੰਕ ਹਨ।   ਇਸ ਮੁਕਾਬਲੇ ਵਿਚ ਆਸਟਰੇਲੀਆ ਦਾਅਵੇਦਾਰ ਹੈ ਪਰ ਇਸ ਵਿਸ਼ਵ ਕੱਪ ਵਿਚ 2 ਵਾਰ ਵੱਡੀਆਂ ਟੀਮਾਂ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਨੂੰ ਹਰਾ ਕੇ ਹੈਰਾਨ ਕਰਨ ਵਾਲੀ ਬੰਗਲਾਦੇਸ਼ ਨੂੰ ਹਲਕੇ ਵਿਚ ਲੈਣਾ ਪਿਛਲੇ ਚੈਂਪੀਅਨ ਨੂੰ ਭਾਰੀ ਪੈ ਸਕਦਾ ਹੈ। ਬੰਗਲਾਦੇਸ਼ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਮਜ਼ਬੂਤ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼ ਕੀਤਾ ਸੀ।
ਹਾਲਾਂਕਿ ਦੂਜੇ ਮੁਕਾਬਲੇ ਵਿਚ ਉਸ ਨੂੰ ਨਿਊਜ਼ੀਲੈਂਡ ਕੋਲੋਂ 2 ਵਿਕਟਾਂ ਦੀ ਹਾਰ ਜ਼ਰੂਰ ਝੱਲਣੀ ਪਈ ਸੀ ਪਰ ਉਹ ਮੁਕਾਬਲੇ ਵਿਚ ਬਣੀ ਰਹੀ ਸੀ ਤੇ ਉਸ ਨੇ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਤੀਜੇ ਮੈਚ ਵਿਚ ਬੰਗਲਾਦੇਸ਼ ਨੂੰ ਵਿਸ਼ਵ ਦੀ ਨੰਬਰ ਇਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲਾਦੇਸ਼ ਦਾ ਚੌਥਾ ਮੁਕਾਬਲਾ ਸ਼੍ਰੀਲੰਕਾ ਨਾਲ ਸੀ, ਜੋ ਬਾਰਿਸ਼ ਕਾਰਨ ਰੱਦ ਰਿਹਾ ਸੀ। 
ਆਪਣੇ 5ਵੇਂ ਮੁਕਾਬਲੇ ਬੰਗਲਾਦੇਸ਼ ਨੇ ਹਰਫਨਮੌਲਾ ਪ੍ਰਦਰਸ਼ਨ ਕਰਦੇ ਹੋਏ ਵੈਸਟਇੰਡੀਜ਼ ਦੇ 322 ਵਰਗੇ ਵੱਡੇ ਟੀਚੇ ਦਾ ਪਿੱਛਾ ਬੜੀ ਆਸਾਨੀ ਨਾਲ ਕਰ ਲਿਆ ਅਤੇ ਇਹ ਮੁਕਾਬਲਾ 51 ਗੇਂਦਾਂ ਬਾਕੀ ਰਹਿੰਦੇ ਹੀ 7 ਵਿਕਟਾਂ ਨਾਲ ਜਿੱਤ ਕੇ ਹੋਰ ਟੀਮਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ। ਦੁਨੀਆ ਦਾ ਨੰਬਰ-1 ਆਲਰਾਊਂਡਰ ਸ਼ਾਕਿਬ ਅਲ ਹਸਨ ਗੇਂਦ ਅਤੇ ਬੱਲੇ ਦੋਵਾਂ ਨਾਲ ਹੀ ਬੰਗਲਾਦੇਸ਼ ਲਈ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ। ਇਸੇ ਦੌਰਾਨ ਬੰਗਲਾਦੇਸ਼ ਲਈ ਚੰਗੀ ਗੱਲ ਇਹ ਹੈ ਕਿ ਉਸ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਵੀ ਵਿੰਡੀਜ਼ ਖਿਲਾਫ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣੀ ਫਾਰਮ ਨੂੰ ਵਾਪਸ ਹਾਸਲ ਕਰ ਲਿਆ ਹੈ।
ਹਾਲਾਂਕਿ ਬੰਗਲਾਦੇਸ਼ ਦੀ ਸਲਾਮੀ ਜੋੜੀ ਨੂੰ ਆਸਟਰੇਲੀਆ ਖਿਲਾਫ ਚੰਗੀ ਸ਼ੁਰੂਆਤ ਕਰਨੀ ਹੋਵੇਗੀ। ਮੱਧਕ੍ਰਮ ਵਿਚ ਲਿਟਨ ਦਾਸ ਨੇ ਵੀ ਪਿਛਲੇ ਮੁਕਾਬਲੇ ਵਿਚ ਸ਼ਾਕਿਬ ਦਾ ਬਾਖੂਬੀ ਸਾਥ ਨਿਭਾਇਆ ਸੀ। ਆਸਟਰੇਲੀਆ ਖਿਲਾਫ ਉਸ 'ਤੇ ਵੀ ਇਕ ਵਾਰ ਫਿਰ ਤੋਂ ਵੱਡੀ ਪਾਰੀ ਖੇਡਣ ਦਾ ਦਾਰੋਮਦਾਰ ਹੋਵੇਗਾ।
20 'ਚੋਂ 18 ਮੈਚ ਆਸਟਰੇਲੀਆ ਨੇ ਜਿੱਤੇ 
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁਲ 20 ਇਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਸ 'ਚੋਂ 18 ਵਾਰ ਆਸਟਰੇਲੀਆ ਨੂੰ ਜਿੱਤ ਮਿਲੀ, ਜਦਕਿ ਬੰਗਲਾਦੇਸ਼ ਦੇ ਖਾਤੇ ਵਿਚ ਸਿਰਫ ਇਕ ਜਿੱਤ ਗਈ ਹੈ। ਦੋਵਾਂ ਵਿਚਾਲੇ ਇਕ ਮੁਕਾਬਲਾ ਬੇਨਤੀਜਾ ਰਿਹਾ ਹੈ।

Gurdeep Singh

This news is Content Editor Gurdeep Singh