IPL 2021 : ਦਿੱਲੀ ਕੈਪੀਟਲਸ ਨੇ ਚੇਨਈ ਨੂੰ 7 ਵਿਕਟਾਂ ਨਾਲ ਹਰਾਇਆ

04/10/2021 11:54:50 PM

ਮੁੰਬਈ (ਭਾਸ਼ਾ)– ‘ਉਸਤਾਦ’ ਤੇ ‘ਸ਼ਾਗਿਰਦ’ ਦੇ ਮੁਕਾਬਲੇ ਵਿਚ ਬਾਜ਼ੀ ਸ਼ਾਗਿਰਦ ਨੇ ਮਾਰੀ ਜਦੋਂ ਰਿਸ਼ਭ ਪੰਤ ਦੀ ਦਿੱਲੀ ਕੈਪੀਟਲਸ ਨੇ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਮੈਚ ਵਿਚ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਜਿੱਤ ਦੇ ਨਾਲ ਆਗਾਜ਼ ਕੀਤਾ। ਸ਼੍ਰੇਅਸ ਅਈਅਰ ਦੇ ਜ਼ਖ਼ਮੀ ਹੋਣ ਦੇ ਕਾਰਨ ਕਪਤਾਨੀ ਕਰ ਰਹੇ ਵਿਕਟਕੀਪਰ ਬੱਲੇਬਾਜ਼ ਪੰਤ ਨੂੰ ਭਾਰਤੀ ਕ੍ਰਿਕਟ ਵਿਚ ਧੋਨੀ ਦੇ ਵਾਰਿਸ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।  ਪੰਤ ਨੇ ਸ਼ਾਰਦੁਲ ਠਾਕੁਰ ਨੂੰ ਚੌਕਾ ਲੇ ਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ ਤੇ ਵਿਕਟ ਦੇ ਪਿੱਛੇ ਧੋਨੀ ਖੜ੍ਹਾ ਸੀ।
ਇਸ ਤੋਂ ਪਹਿਲਾਂ ਆਈ. ਪੀ. ਐੱਲ. ਵਿਚ ਵਾਪਸੀ ਕਰ ਰਹੇ ਸੁਰੇਸ਼ ਰੈਨਾ ਦੀਆਂ 54 ਦੌੜਾਂ ਤੇ ਆਖਰੀ ਓਵਰਾਂ ਵਿਚ ਸੈਮ ਕਿਊਰੇਨ ਦੀ ਹਮਲਾਵਰ ਬੱਲੇਬਾਜ਼ੀ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ ਨੇ 7 ਵਿਕਟਾਂ ’ਤੇ 188 ਦੌੜਾਂ ਬਣਾਈਆਂ।

ਜਵਾਬ ਵਿਚ ਦਿੱਲੀ ਨੇ 3 ਵਿਕਟਾਂ ਗੁਆ ਕੇ 8 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਪਿਛਲੇ ਸੈਸ਼ਨ ਵਿਚ 618 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ ’ਤੇ ਰਹੇ ਸ਼ਿਖਰ ਧਵਨ ਤੇ ਵਿਜੇ ਹਜ਼ਾਰੇ ਟਰਾਫੀ ਵਿਚ 827 ਦੌੜਾਂ ਬਣਾ ਕੇ ਫਾਰਮ ਵਿਚ ਪਰਤੇ ਪ੍ਰਿਥਵੀ ਸ਼ਾਹ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 138 ਦੌੜਾਂ ਜੋੜੀਆਂ ਤੇ ਧੋਨੀ ਦਾ ਕੋਈ ਗੇਂਦਬਾਜ਼ ਉਸਦੇ ਸਾਹਮਣੇ ਕਾਮਯਾਬ ਨਹੀਂ ਹੋ ਸਕਿਆ।
ਸ਼ਾਹ 38 ਗੇਂਦਾਂ ਵਿਚ 9 ਚੌਕਿਆਂ ਤੇ 3 ਛੱਕਿਅਆਂ ਦੀ ਮਦਦ ਨਾਲ 72 ਦੌੜਾਂ ਬਣਾ ਕੇ 14ਵੇਂ ਓਵਰ ਵਿਚ ਆਊਟ ਹੋਇਆ। ਉਸ ਨੂੰ ਡਵੇਨ ਬ੍ਰਾਵੋ ਨੇ ਮੋਇਨ ਅਲੀ ਹੱਥੋਂ ਕੈਚ ਕਰਵਾਇਆ। ਉਥੇ ਹੀ ਧਵਨ ਸੈਂਕੜੇ ਵੱਲ ਵਧਦਾ ਦਿਸ ਰਿਹਾ ਸੀ ਪਰ ਸ਼ਾਰਦੁਲ ਠਾਕੁਰ ਨੇ ਉਸ ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਧਵਨ ਨੇ 54 ਗੇਂਦਾਂ ’ਤੇ 85 ਦੌੜਾਂ ਬਣਾਈਆਂ, ਜਿਸ ਵਿਚ 10 ਚੌਕੇ ਤੇ 2 ਛੱਕੇ ਸ਼ਾਮਲ ਸਨ। ਪੰਤ (ਅਜੇਤੂ 15) ਤੇ ਮਾਰਕਸ ਸਟੋਇੰਸ (14) ਨੇ ਇਸ ਤੋਂ ਬਾਅਦ ਆਸਾਨੀ ਨਾਲ ਟੀਮ ਨੂੰ ਜਿੱਤ ਤਕ ਪਹੁੰਚਾ ਦਿੱਤਾ।
ਇਸ ਤੋਂ ਪਹਿਲਾਂ ਚੇਨਈ ਲਈ ਸੈਮ ਕਿਊਰੇਨ ਨੇ ਆਖਰੀ ਓਵਰਾਂ ਵਿਚ ਸਿਰਫ 15 ਗੇਂਦਾਂ ’ਤੇ 34 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 4 ਚੌਕੇ ਤੇ 2 ਛੱਕੇ ਸ਼ਾਮਲ ਸਨ। ਆਖਰੀ ਪੰਜ ਓਵਰਾਂ ਵਿਚ ਚੇਨਈ ਨੇ 52 ਦੌੜਾਂ ਬਣਾਈਆਂ।

ਦਿੱਲੀ ਕੈਪੀਟਲਸ ਦੇ ਕਪਾਤਨ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਿਛਲੇ ਸੈਸ਼ਨ ਦੀ ਉਪ ਜੇਤੂ ਦਿੱਲੀ ਨੂੰ ਪਹਿਲੀ ਸਫਲਤਾ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਿਆ ਤੇ ਆਵੇਸ਼ ਖਾਨ ਨੇ ਦੂਜੇ ਹੀ ਓਵਰ ਵਿਚ ਫਾਫ ਡੂ ਪਲੇਸਿਸ ਨੂੰ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਆਵੇਸ਼ ਨੇ 4 ਓਵਰਾਂ ਵਿਚ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਤੀਜੇ ਓਵਰ ਦੀ ਪਹਿਲੀ ਗੇਂਦ ’ਤੇ ਕ੍ਰਿਸ ਵੋਕਸ ਨੇ ਰਿਤੂਰਾਜ ਗਾਇਕਵਾੜ ਨੂੰ ਸਲਿਪ ਵਿਚ ਕੈਚ ਕਰਵਾਇਆ। ਚੇਨਈ ਦੀਆਂ ਦੋ ਵਿਕਟਾਂ 7 ਦੌੜਾਂ ’ਤੇ ਡਿੱਗ ਗਈਆਂ ਸਨ।
ਇਸ ਤੋਂ ਬਾਅਦ ਰੈਨਾ ਕ੍ਰੀਜ਼ ’ਤੇ ਆਇਆ, ਜਿਹੜਾ ਨਿੱਜੀ ਕਾਰਨਾਂ ਤੋਂ ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਵਿਚੋਂ ਬਾਹਰ ਰਿਹਾ ਸੀ। ਰੈਨਾ ਤੇ ਮੋਇਨ ਅਲੀ ਨੇ ਮਿਲ ਕੇ ਚੇਨਈ ਦੀ ਪਾਰੀ ਨੂੰ ਸੰਭਾਲਿਆ।
ਮੋਇਨ ਨੇ 24 ਗੇਂਦਾਂ ਵਿਚ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾ ਕੇ ਰੈਨਾ ਦਾ ਬਾਖੂਬੀ ਸਾਥ ਦਿੱਤਾ। ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਨੇ ਮੋਇਨ ਨੂੰ ਪੈਵੇਲੀਅਨ ਭੇਜਿਆ, ਜਿਹੜਾ ਰਿਵਰਸ ਸਵੀਪ ਲਾਉਣ ਦੇ ਚੱਕਰ ਵਿਚ ਸ਼ਿਖਰ ਧਵਨ ਨੂੰ ਕੈਚ ਦੇ ਬੈਠਾ।
ਅੰਬਾਤੀ ਰਾਇਡੂ ਨੇ ਆਉਂਦੇ ਹੀ ਹਮਲਾਵਰ ਖੇਡ ਦਿਖਾਈ ਤੇ 15 ਗੇਂਦਾਂ ਵਿਚ 23 ਦੌੜਾਂ ਬਣਾਈਆਂ। ਉਸ ਨੂੰ ਟਾਮ ਕਿਊਰੇਨ ਨੇ ਆਊਟ ਕੀਤਾ।
ਦੂਜੇ ਪਾਸੇ ’ਤੇ ਰੈਨਾ ਡਟ ਕੇ ਖੇਡ ਰਿਹਾ ਸੀ ਤੇ ਲੱਗ ਹੀ ਨਹੀਂ ਰਿਹਾ ਸੀ ਕਿ ਉਹ ਲੰਬੇ ਸਮੇਂ ਤਕ ਕ੍ਰਿਕਟ ਤੋਂ ਦੂਰ ਸੀ। ਉਸ ਨੇ ਵੋਕਸ ਨੂੰ ਚੌਕਾ ਲਾ ਕੇ ਸ਼ੁਰੂਆਤ ਕੀਤੀ ਤੇ ਫਿਰ ਅਸ਼ਵਿਨ ਨੂੰ ਲਗਾਤਾਰ 2 ਚੌਕੇ ਲਾਏ ਤੇ ਫਿਰ ਛੱਕਾ ਵੀ ਲਾਇਆ। ਉਥੇ ਹੀ ਦੂਜਾ ਛੱਕਾ ਮਾਰਕਸ ਸਟੋਇੰਸ ਨੇ ਲਾਇਆ। ਉਹ ਤੇਜ਼ੀ ਨਾਲ ਦੌੜ ਲੈਣ ਦੀ ਕੋਸ਼ਿਸ਼ ਵਿਚ ਰਵਿੰਦਰ ਜਡੇਜਾ (26) ਨਾਲ ਤਾਲਮੇਲ ਨਹੀਂ ਬਣਾ ਸਕਿਆ ਤੇ ਰਨ ਆਊਟ ਹੋ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh