ਕ੍ਰਾਓਲੀ ਦਾ ਦੋਹਰਾ ਸੈਂਕੜਾ, ਇੰਗਲੈਂਡ ਦਾ ਵੱਡਾ ਸਕੋਰ

08/23/2020 2:02:52 AM

ਸਾਊਥੰਪਟਨ – ਜੈਕ ਕ੍ਰਾਓਲੀ ਦੇ ਕਰੀਅਰ ਦੇ ਪਹਿਲੇ ਦੋਹਰੇ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਪਾਕਿਸਤਾਨ ਖਿਲਾਫ ਤੀਜੇ ਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਚਾਹ ਦੀ ਬ੍ਰੇਕ ਤਕ ਪਹਿਲੀ ਵਿਚ ਪਾਰੀ 5 ਵਿਕਟਾਂ 'ਤੇ 490 ਦੌੜਾਂ ਬਣਾ ਕੇ ਆਪਣੀ ਸਥਿਤੀ ਬੇਹੱਦ ਮਜ਼ਬੂਤ ਕਰ ਲਈ।

ਕ੍ਰਾਓਲੀ ਨੇ ਕੰਮਚਲਾਊ ਸਪਿਨਰ ਅਸ਼ਦ ਸ਼ਾਫੀਕ ਦੀ ਗੇਂਦ 'ਤੇ ਸਟੰਪ ਆਊਟ ਹੋਣ ਤੋਂ ਪਹਿਲਾਂ 393 ਗੇਂਦਾਂ ਦੀ ਆਪਣੀ ਪਾਰੀ ਵਿਚ 34 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 267 ਦੌੜਾਂ ਬਣਾਈਆਂ। ਆਪਣੇ 8ਵੇਂ ਟੈਸਟ ਵਿਚ ਖੇਡ ਰਹੇ ਕ੍ਰਾਊਲੀ ਨੇ ਕਰੀਅਰ ਵਿਚ ਪਹਿਲੀ ਵਾਰ 100 ਦੌੜਾਂ ਦੇ ਅੰਕੜੇ ਨੂੰ ਛੂਹਿਆ ਤੇ ਇੰਗਲੈਂਡ ਵਲੋਂ ਸਭ ਤੋਂ ਵੱਧ ਨਿੱਜੀ ਪਾਰੀ ਦੇ ਮਾਮਲੇ ਵਿਚ ਟਾਪ-10 ਵਿਚ ਸ਼ਾਮਲ ਹੋ ਗਿਆ। ਉਸ ਨੇ ਜੇ. ਬਾਈਕਾਟ, ਮੌਜੂਦਾ ਕਪਤਾਨ ਜੋ ਰੂਟ ਤੇ ਬੇਨ ਸਟੋਕਸ ਵਰਗੇ ਧਾਕੜਾਂ ਨੂੰ ਪਿੱਛੇ ਛੱਡਿਆ। ਕ੍ਰਾਓਲੀ ਨੇ ਜੋਸ ਬਟਲਰ (ਅਜੇਤੂ 140 ਦੌੜਾਂ) ਦੇ ਨਾਲ 5ਵੀਂ ਵਿਕਟ ਲਈ 359 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਹੜੀ ਇੰਗਲੈਂਡ ਵਲੋਂ 5ਵੀਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਨ੍ਹਾਂ ਦੋਵਾਂ ਨੇ ਕੀਥ ਫਲੇਚਰ ਤੇ ਟੋਨੀ ਗ੍ਰੇਗ ਨੂੰ ਪਿੱਛੇ ਛੱਡਿਆ, ਜਿਨ੍ਹਾਂ ਨੇ ਫਰਵਰੀ 1973 ਵਿਚ ਭਾਰਤ ਵਿਰੁੱਧ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿਚ 254 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਹ ਇੰਗਲੈਂਡ ਵਲੋਂ ਕਿਸੇ ਵੀ ਵਿਕਟ ਦੀ ਛੇਵੀਂ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ।

ਕ੍ਰਾਓਲੀ ਤੇ ਬਟਲਰ ਕੱਲ ਲੰਚ ਤੋਂ ਬਾਅਦ ਇਕੱਠੇ ਬੱਲੇਬਾਜ਼ੀ ਕਰਨ ਆਏ ਸਨ ਜਦੋਂ ਇੰਗਲੈਂਡ ਦੀ ਟੀਮ 127 ਦੌੜਾਂ 'ਤੇ 4 ਵਿਕਟਾਂ ਗੁਆਉਣ ਤੋਂ ਬਾਅਦ ਸੰਕਟ ਵਿਚ ਸੀ। ਕ੍ਰਾਓਲੀ ਨੇ ਨਸੀਮ ਸ਼ਾਹ ਦੀ ਗੇਂਦ 'ਤੇ ਚੌਕੇ ਦੇ ਨਾਲ 331 ਗੇਂਦਾਂ ਵਿਚ ਦੋਹਰਾ ਸੈਂਕੜਾ ਪੂਰਾ ਕੀਤਾ। ਉਹ ਅੱਜ 171 ਦੌੜਾਂ ਤੋਂ ਅੱਗੇ ਖੇਡਣ ਉਤਰਿਆ ਸੀ। ਚਾਹ ਦੀ ਬ੍ਰੇਕ ਦੇ ਸਮੇਂ ਕ੍ਰਿਸ ਵੋਕਸ 2 ਦੌੜਾਂ ਬਣਾ ਕੇ ਬਟਲਰ ਦਾ ਸਾਥ ਦੇ ਰਿਹਾ ਸੀ, ਜਿਸ ਨੇ ਮੀਂਹ ਪ੍ਰਭਾਵਿਤ ਪਹਿਲੇ ਸੈਸ਼ਨ ਵਿਚ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਪੂਰਾ ਕੀਤਾ। ਬਟਲਰ ਜਦੋਂ 99 ਦੌੜਾਂ ਬਣਾ ਕੇ ਖੇਡ ਰਿਹਾ ਸੀ ਤਦ ਮੁਹੰਮਦ ਅੱਬਾਸ ਦੀ ਗੇਂਦ 'ਤੇ ਅੰਪਾਇਰ ਨੇ ਉਸ ਨੂੰ ਵਿਕਟਕੀਪਰ ਮੁਹੰਮਦ ਰਿਜ਼ਵਾਨ ਦੇ ਹੱਥੋਂ ਕੈਚ ਕਰਾਰ ਦਿੱਤਾ ਸੀ ਪਰ ਇਸ ਬੱਲੇਬਾਜ਼ ਨੇ ਤਰੁੰਤ ਰੈਫਰਲ ਦਾ ਸਹਾਰਾ ਲਿਆ ਤੇ ਤੀਜੇ ਅੰਪਾਇਰ ਨੇ ਬੱਲੇਬਾਜ਼ ਨੂੰ ਨਟਆਊਟ ਐਲਾਨ ਕੀਤਾ। ਰੀਪਲੇਅ ਵਿਚ ਦਿਸਿਆ ਸੀ ਕਿ ਗੇਂਦ ਤੇ ਬੱਲੇ ਵਿਚਾਲੇ ਸੰਪਰਕ ਨਹੀਂ ਹੋਇਆ ਤੇ ਆਵਾਜ਼ ਬੱਲੇ ਦੇ ਪੈਡ ਨਾਲ ਟਕਰਾਉਣ ਦੀ ਆਈ ਸੀ। ਬਟਲਰ ਨੇ ਇਕ ਗੇਂਦ ਬਾਅਦ ਆਫ ਸਾਈਡ 'ਤੇ ਬੈਕਫੁਟ ਡ੍ਰਾਈਵਰ ਨਾਲ 3 ਦੌੜਾਂ ਲੈ ਕੇ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਉਸ ਨੇ ਆਪਣਾ ਪਿਛਲਾ ਸੈਂਕੜਾ ਦੋ ਸਾਲ ਪਹਿਲਾਂ ਭਾਰਤ ਵਿਰੁੱਧ ਲਾਉਂਦੇ ਹੋਏ 106 ਦੌੜਾਂ ਦੀ ਪਾਰੀ ਖੇਡੀ ਸੀ। ਤਦ ਉਹ ਮਾਹਿਰ ਬੱਲੇਬਾਜ਼ ਦੇ ਰੂਪ ਵਿਚ ਖੇਡ ਰਿਹਾ ਸੀ।

ਸਵੇਰ ਦੇ ਸੈਸ਼ਨ ਵਿਚ ਦੋ ਵਾਰ ਮੀਂਹ ਦੇ ਕਾਰਣ ਖੇਡ ਰੋਕਣੀ ਪਈ, ਜਿਸ ਨਾਲ ਲੰਚ ਦੇ ਸਮੇਂ ਨੂੰ ਵੀ ਨਿਰਧਾਰਿਤ ਸਮੇਂ ਤੋਂ ਇਕ ਘੰਟਾ ਅੱਗੇ ਖਿਸਕਾ ਦਿੱਤਾ ਗਿਆ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ 4 ਵਿਕਟਾਂ 'ਤੇ 332 ਦੌੜਾਂ ਨਾਲ ਕੀਤੀ ਸੀ। ਟੀਮ 3 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਚੱਲ ਰਹੀ ਹੈ ਤੇ ਉਸਦੀਆਂ ਨਜ਼ਰਾਂ ਪਾਕਿਸਤਾਨ ਵਿਰੁੱਧ ਪਿਛਲੇ 10 ਸਾਲ ਵਿਚ ਪਹਿਲੀ ਟੈਸਟ ਲੜੀ ਜਿੱਤਣ 'ਤੇ ਟਿਕੀਆਂ ਹਨ।

Inder Prajapati

This news is Content Editor Inder Prajapati