ਰੋਨਾਲਡੋ ਨੇ ਦਿਵਾਈ ਪੁਰਤਗਾਲ ਨੂੰ ਜਿੱਤ, ਬੈਲਜੀਅਮ ਤੇ ਨੀਦਰਲੈਂਡ ਵੀ ਜਿੱਤੇ

04/01/2021 1:47:42 PM

ਮੈਡ੍ਰਿਡ (ਏ. ਪੀ.)– ਬੈਲਜੀਅਮ ਤੇ ਨੀਦਰਲੈਂਡ ਨੇ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਮੈਚਾਂ ਵਿਚ ਵੱਡੀਆਂ ਜਿੱਤਾਂ ਦਰਜ ਕੀਤੀਆਂ ਜਦਕਿ ਕ੍ਰਿਸਟਿਆਨੋ ਰੋਨਾਲਡੋ ਨੇ ਗੋਲ ਕਰਕੇ ਪੁਰਤਗਾਲ ਨੂੰ ਲਕਸਮਬਰਗ ’ਤੇ 3-1 ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਬੈਲਜੀਅਮ ਨੇ ਬੇਲਾਰੂਸ ਨੂੰ 8-0 ਨਾਲ ਹਰਾ ਕੇ ਗਰੁੱਪ-ਈ ਵਿਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਜਦਕਿ ਨੀਦਰਲੈਂਡ ਨੇ ਜਿਬ੍ਰਾਲਟਰ ਨੂੰ 7-0 ਨਾਲ ਕਰਾਰੀ ਹਾਰ ਦਿੱਤੀ ਤੇ ਉਹ ਗਰੁੱਪ-ਜੀ ਵਿਚ ਤੁਰਕੀ ਤੋਂ ਬਾਅਦ ਦੂਜੇ ਸਥਾਨ ’ਤੇ ਹੈ।

ਆਇਰਲੈਂਡ ਵਿਰੁੱਧ ਜਿੱਤ ਦਰਜ ਕਰਨ ਵਾਲੇ ਲਕਸਮਬਰਗ ਨੇ ਪੁਰਤਗਾਲ ਵਿਰੁੱਧ ਬੜ੍ਹਤ ਹਾਸਲ ਕਰਕੇ ਇਕ ਹੋਰ ਉਲਟਫੇਰ ਦੀ ਉਮੀਦ ਜਗਾਈ ਸੀ। ਪੁਰਤਗਾਲ ਨੇ ਹਾਲਾਂਕਿ ਡਿਆਗੋ ਜੋਲਟਾ, ਰੋਨਾਲਡੋ ਤੇ ਜਾਓ ਪਾਲਿਨ੍ਹੋ ਦੇ ਗੋਲਾਂ ਦੀ ਮਦਦ ਨਾਲ ਗਰੁੱਪ-ਏ ਵਿਚ ਸਰਬੀਆ ਦੇ ਨਾਲ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ। ਸਰਬੀਆ ਨੇ ਇਕ ਹੋਰ ਮੈਚ ਵਿਚ ਅਜਰਬੈਜਾਨ ਨੂੰ 2-1 ਨਾਲ ਹਰਾਇਆ। ਤੁਰਕੀ ਨੇ ਲਾਤੀਵੀਆ ਵਿਰੁੱਧ ਆਪਣਾ ਮੈਚ 3-3 ਨਾਲ ਡਰਾਅ ਖੇਡਿਆ।

ਤੁਰਕੀ ਦੀ ਤਰ੍ਹਾਂ ਰੂਸ ਵੀ ਲਗਾਤਾਰ ਤੀਜੀ ਜਿੱਤ ਦਰਜ ਕਰਨ ਵਿਚ ਅਸਫਲ ਰਿਹਾ। ਉਸ ਨੂੰ ਸਲੋਵਾਕੀਆ ਨੇ 2-1 ਨਾਲ ਹਰਾਇਆ। ਰੂਸ ਹੁਣ ਗਰੁੱਪ-ਐੱਚ ਵਿਚ ਚੋਟੀ ’ਤੇ ਹੈ। ਕ੍ਰੋਏਸ਼ੀਆ ਨੇ ਇਕ ਹੋਰ ਮੈਚ ਵਿਚ ਮਾਲਟਾ ਨੂੰ 3-0 ਨਾਲ ਕਰਾਰੀ ਹਾਰ ਦਿੱਤੀ। ਸਾਈਪ੍ਰਸ ਨੇ ਸਲੋਵਾਕੀਆ ਨੂੰ 1-0 ਨਾਲ ਹਰਾ ਕੇ ਗਰੁੱਪ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
 

cherry

This news is Content Editor cherry