ਅਦਾਲਤ ਜਾਂ COA ਨਹੀਂ, ਚੋਣ ਸੰਸਥਾ ਨੂੰ ਚਲਾਉਣੀ ਚਾਹੀਦੀ ਹੈ ਕ੍ਰਿਕਟ : ਨਰਸਿਮ੍ਹਾ

05/16/2019 1:12:07 PM

ਨਵੀਂ ਦਿੱਲੀ- ਸੁਪਰੀਮ ਕੋਰਟ ਵੱਲੋਂ ਨਿਯੁਕਤ ਪੀ. ਐੱਸ. ਨਰਸਿਮ੍ਹਾ ਦਾ ਮੰਨਣਾ ਹੈ ਕਿ ਬੀ. ਸੀ. ਸੀ. ਆਈ. ਲੋਕਤੰਤਰਿਕ ਤਰੀਕੇ ਨਾਲ ਚੁਣੀ ਗਈ ਸੰਸਥਾ ਗਠਿਤ ਕਰਨ ਵੱਲ ਵਧ ਰਿਹਾ ਹੈ। ਅਦਾਲਤ ਜਾਂ ਉਸ ਤੋਂ ਨਿਯੁਕਤ ਬਾਡੀ ਦੀ ਬਜਾਏ ਚੁਣੀ ਗਈ ਸੰਸਥਾ ਨੂੰ ਖੇਡ ਦਾ ਸੰਚਾਲਨ ਕਰਨਾ ਚਾਹੀਦਾ ਹੈ। ਨਰਸਿਮ੍ਹਾ ਨੇ ਵੱਖ-ਵੱਖ ਸੂਬਾ ਇਕਾਈਆਂ ਦੇ ਪ੍ਰਤੀਨਿਧੀਆਂ ਨਾਲ ਬੈਠਕ ਕਰਨ ਤੋਂ ਬਾਅਦ ਹਾਲ ਹੀ ਵਿਚ ਚੋਟੀ ਦੀ ਅਦਾਲਤ ਵਿਚ ਆਪਣੀ ਰਿਪੋਰਟ ਸੌਂਪੀ ਸੀ ਅਤੇ ਚੋਣਾਂ ਲਈ ਜ਼ਮੀਨ ਤਿਆਰ ਕਰ ਰਹੇ ਹਨ।

ਨਰਸਿਮ੍ਹਾ ਨੇ ਇਕ ਇੰਟਰਵਿਊ 'ਚ ਕਿਹਾ, ''ਆਖਰ ਵਿਚ ਕ੍ਰਿਕਟ ਦੇ ਆਯੋਜਕਾਂ ਨੂੰ ਹੀ ਇਸਦੀ ਦੇਖ ਰੇਖ ਕਰਨੀ ਚਾਹੀਦੀ ਹੈ। ਖੇਡ ਦੀ ਦੇਖ-ਰੇਖ ਕਰਨਾ ਅਦਾਲਤ ਦਾ ਕੰਮ ਨਹੀਂ ਹੈ। ਇਹ ਵਕੀਲਾਂ ਦਾ ਕੰਮ ਨਹੀਂ ਹੈ। ਇਹ ਅਦਾਲਤ ਵੱਲੋਂ ਚੁਣੀ ਕਮੇਟੀ ਦਾ ਕੰਮ ਨਹੀਂ ਹੈ ਕਿ ਉਹ ਖੇਡ ਦਾ ਸੰਚਾਲਨ ਕਰਨਾ ਜਾਰੀ ਰੱਖੇ। ਇਹ ਕੰਮ ਕ੍ਰਿਕਟ ਆਯੋਜਕਾਂ ਦਾ ਹੈ। ਹੁਣ ਸੁਧਾਰਾਂ ਦੇ ਬਾਅਦ ਉਸ ਵਿਚ ਕ੍ਰਿਕਟਰਾਂ ਨੂੰ ਸ਼ਾਮਲ ਕਰਨਾ ਵੀ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਚੀਜ਼ਾਂ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੀਆਂ ਹਨ। ਸੁਧਾਰਾਂ ਦੀ ਪ੍ਰਤੀਕਿਰਿਆ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ ਅਤੇ ਹੁਣ ਉਨ੍ਹਾਂ ਨੂੰ ਲਾਗੂ ਕਰਨ ਦਾ ਸਮਾਂ ਹੈ। ਅਜਿਹਾ ਲਗਦਾ ਹੈ ਕਿ ਇਹ ਚੰਗੇ ਨਤੀਜੇ ਦੇ ਨੇੜੇ ਹੈ।''