ਕੋਵਿਡ-19 : ਮਦਦ ਕਰਨ ਦੇ ਨਾਂ ’ਤੇ ਸਿਰਫ ਸਲਾਹ ਦੇ ਰਹੇ ਹਨ ਭਾਰਤੀ ਕ੍ਰਿਕਟਰ, ਕੋਹਲੀ-ਰੋਹਿਤ ਵੀ ਸ਼ਾਮਲ

03/28/2020 7:18:08 PM

ਨਵੀਂ ਦਿੱਲੀ : ਕੋਰੋਨਾਵਾਇਰਸ ਤੋਂ ਪੂਰੀ ਦੁਨੀਆ ਪਰੇਸ਼ਾਨ ਹੈ। ਹੁਣ ਤਕ 24 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆ ਦੀ ਇਕ ਤਿਹਾਈ ਆਬਾਦੀ ਲਾਕਡਾਊਨ ਹੈ। ਅਜਿਹੇ ’ਚ ਕਈ ਸਟਾਰ ਖਿਡਾਰੀਆਂਨੇ ਮਦਦ ਦਾ ਐਲਾਨ ਕੀਤਾ ਹੈ। ਸਵਿਜ਼ਰਲੈਂਡ ਦੇ ਟੈਨਿਸ ਖਿਡਾਰੀ ਰੋਜਰ ਫੈਡਰਰ, ਸਰਬੀਆ ਦੇ ਨੋਵਾਕ ਜੋਕੋਵਿਚ, ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਅਤੇ ਅਰਜਨਟੀਨਾ ਦੇ ਲਿਓਨੇਲ ਮੇਸੀ ਨੇ 8-8 ਕਰੋੜ ਰੁਪਏ ਦਾਨ ਕੀਤੇ ਹਨ। ਦੂਜੇ ਪਾਸੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ 50 ਲੱਖ ਰੁਪਏ ਅਤੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ 50 ਲੱਖ ਰੁਪਏ ਦੇ ਚੌਲ ਵੰਡਣ ਦਾ ਐਲਾਨ ਕੀਤਾ। ਇਕ ਪਾਸੇ ਵਿਦੇਸ਼ੀ ਖਿਡਾਰੀ ਇਸ ਮੁਸ਼ਕਿਲ ਸਮੇਂ ਵਿਚ ਲਗਾਤਾਰ ਅੱਗੇ ਆ ਰਹੇ ਹਨ ਤਾਂ ਦੂਜੇ ਪਾਸੇ ਭਾਰਤੀ ਕ੍ਰਿਕਟਰ ਗਿਆਨ ਵੰਡਣ, ਟਿਕ-ਟਾਕ ਬਣਾਉਣ ਅਤੇ ਇੰਸਟਾਗ੍ਰਾਮ ’ਤੇ ਲਾਈਵ ਹੋਣ ’ਚ ਰੁੱਝੇ ਹਨ। ਪਿਛਲੇ ਕਾਫੀ ਸਮੇਂ ਤੋਂ ਭਾਰਤੀ ਕ੍ਰਿਕਟ ਤੋਂ ਦੂਰ ਚੱਲ ਰਹੇ ਕ੍ਰਿਕਟਰ ਸੁਰੇਸ਼ ਰੈਨਾ ਨੇ ਵੀ ਇਸ ਮਸ਼ਕਿਲ ਸਮੇਂ ਵਿਚ ਹੱਥ ਵਧਾਇਆ ਹੈ। ਰੈਨਾ ਨੇ 52 ਲੱਖ ਰੁਪਏ ਦਾਨ ਦਿੱਤੇ, ਜਿਸ ਵਿਚੋਂ 31 ਲੱਖ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ 21 ਲੱਖ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕੀਤੇ ਹਨ।

1090 ਕਰੋੜ ਰੁਪਏ ਦੀ ਨੈਟਵਰਥ ਵਾਲੇ ਸਚਿਨ ਤੇਂਦੁਲਕਰ ਨੇ 50 ਲੱਖ ਰੁਪਏ ਦਾਨ ਦੇਣ ਦਾ ਐਲਾਨ ਕਰ ਦਿੱਤਾ ਪਰ ਮੌਜੂਦਾ ਕਪਤਾਨ ਵਿਰਾਟ ਕੋਹਲੀ 688 ਕਰੋੜ ਦੀ ਜਾਇਦਾਦ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਸਿਰਫ ਗਿਆਨ ਵੰਡ ਰਹੇ ਹਨ। ਇਸ ਸੂਚੀ ਸਿਰਫ ਕੋਹਲੀ ਹੀ ਨਹੀਂ ਹੈ, ਕਰੋੜਾਂ ਦੀ ਕਮਾਈ ਕਰਨ ਵਾਲੇ ਟੀਮ ਦੇ ਕਈ ਸਟਾਰ ਖਿਡਾਰੀ ਵੀ ਸ਼ਾਮਲ ਹਨ।

ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਅਜੇ ਤਕ ਮਦਦ ਦਾ ਐਲਾਨ ਨਹੀਂ ਕੀਤਾ ਹੈ। ਉਹ ਹਾਲ ਹੀ ’ਚ ਕੇਵਿਨ ਪੀਟਰਸਨ ਦੇ ਨਾਲ ਇੰਸਟਾਗ੍ਰਾਮ ਲਾਈਵ ਵਿਚ ਦਿਖਾਈ ਦੇ ਚੁੱਕੇ ਹਨ। ਯੁਜਵੇਂਦਰ ਚਾਹਲ ਟਿਕ-ਟਾਕ ਤਾਂ ਸ਼ਿਖਰ ਧਵਨ ਇੰਸਟਾਗ੍ਰਾਮ ’ਤੇ ਲਗਾਤਾਰ ਵੀਡੀਓ ਅਪਲੋਡ ਕਰ ਰਹੇ ਹਨ ਪਰ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ। ਹਾਰਦਿਕ ਪੰਡਯਾ ਨੇ ਭਰਾ ਕਰੁਣਾਲ ਪੰਡਯਾ ਦੇ ਜਨਮਦਿਨ ’ਤੇ ਕਰੋੜਾਂ ਦੀ ਘੜੀ ਪਾਈ ਸੀ ਪਰ ਉਹ ਵੀ ਮਦਦ ਕਰਨ ਦੇ ਮਾਮਲੇ ’ਚ ਪਿੱਛੇ ਹੀ ਰਹੇ। ਦੂਜੇ ਪਾਸੇ ਪਾਕਿਸਤਾਨੀ ਕ੍ਰਿਕਟਰ 50 ਲੱਖ ਅਤੇ ਬੰਗਲਾਦੇਸ਼ੀ ਖਿਡਾਰੀ 28 ਲੱਖ ਬੰਗਲਾਦੇਸ਼ੀ ਟਕਾ ਦੇ ਚੁੱਕੇ ਹਨ। ਅੰਪਾਇਰ ਅਲੀਮ ਡਾਰ ਨੇ ਤਾਂ ਲਾਹੌਰ ਵਿਚ ਆਪਣੇ ਹੋਟਲ ਵਿਚ ਬੇਰੋਜ਼ਗਾਰਾਂ ਨੂੰ ਮੁਫਤ ਖਾਣਾ ਖਿਲਾਉਣਾ ਸ਼ੁਰੂ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ. ਸੀ. ਸੀ. ਆਈ. ਵੱਲੋਂ ਅਜੇ ਤਕ ਆਰਥਿਕ ਮਦਦ ਦਾ ਐਲਾਨ ਨਹੀਂ ਹੋਇਆ ਹੈ। ਬੀ. ਸੀ. ਸੀ. ਆਈ. ਦੀ ਨੈਟਵਰਥ 2 ਹਜ਼ਾਰ 200 ਕਰੋੜ ਰੁਪਏ ਤੋਂ ਜ਼ਿਆਦਾ ਹੈ। 150 ਕਰੋੜ ਰੁਪਏ ਨੈਟਵਰਥ ਵਾਲਾ ਸ਼੍ਰੀਲੰਕਾ ਕ੍ਰਿਕਟ ਬੋਰਡ 1 ਕਰੋੜ ਰੁਪਏ ਆਪਣੀ ਸਰਕਾਰ ਨੂੰ ਦਾਨ ਕਰ ਚੁੱਕਾ ਹੈ। ਇੱਥੇ ਤਕ ਕਿ ਭਾਰਤੀ ਦੇ ਸੌਰਾਸ਼ਟਰ ਕ੍ਰਿਕਟ ਸੰਘ (ਕੌਮੀ ਕ੍ਰਿਕਟ ਸੰਘ) ਨੇ ਪ੍ਰਧਾਨ ਮੰਤਰੀ ਰਾਹਤ ਫੰਡ ਅਤੇ ਮੁੱਖ ਮੰਤਰੀ ਰਾਹਤ ਫੰਡ ਵਿਚ 21-21 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ। 

Ranjit

This news is Content Editor Ranjit