ਸਾਬਕਾ ਵਿਸ਼ਵ ਚੈਂਪੀਅਨ ਸਟੇਫਨੋਵਾ ਨੂੰ ਹਰਾ ਕੇ ਕੋਨੇਰੂ ਹੰਪੀ ਬਣੀ ਵਿਸ਼ਵ ਨੰਬਰ-3 ਖਿਡਾਰਨ

09/19/2019 8:30:14 PM

ਮਾਸਕੋ (ਨਿਕਲੇਸ਼ ਜੈਨ)— ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਵਿਚ ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰਨ ਕੋਨੇਰੂ ਹੰਪੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਚੈਂਪੀਅਨਸ਼ਿਪ ਦੇ 7ਵੇਂ ਰਾਊਂਡ ਵਿਚ ਸਾਬਕਾ ਵਿਸ਼ਵ ਚੈਂਪੀਅਨ ਬੁਲਗਾਰੀਆ ਦੀ ਐਂਤੋਨੀਆ ਸਟੇਫਨੋਵਾ ਨੂੰ ਹਰਾਉਂਦਿਆਂ 5 ਅੰਕ ਬਣਾ ਕੇ ਨਾ ਸਿਰਫ ਪ੍ਰਤੀਯੋਗਿਤਾ ਵਿਚ ਦੂਜੇ ਸਥਾਨ 'ਤੇ ਜਗ੍ਹਾ ਬਣਾ ਲਈ, ਸਗੋਂ ਉਸ ਨੇ ਵਿਸ਼ਵ ਰੈਂਕਿੰਗ ਵਿਚ ਵੀ ਲੰਬੇ ਸਮੇਂ ਬਾਅਦ ਤੀਜਾ ਸਥਾਨ ਹਾਸਲ ਕਰ ਲਿਆ।


ਪ੍ਰਤੀਯੋਗਿਤਾ ਵਿਚ ਤੀਜੀ ਜਿੱਤ ਦਰਜ ਕਰਨ ਵਾਲੀ ਹੰਪੀ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਗੁਰਨਫੀਲਡ ਓਪਨਿੰਗ ਵਿਚ ਸ਼ੁਰੂਆਤ ਕੀਤੀ। ਸਟੇਫਨੋਵਾ ਦੀ ਵਜ਼ੀਰਾਂ ਵਲੋਂ ਹਮਲਾ ਕਰਨ ਦੀ ਯੋਜਨਾ ਗਲਤ ਸਾਬਤ ਹੋਈ ਅਤੇ ਹੰਪੀ ਨੇ ਉਸਦੇ ਰਾਜੇ 'ਤੇ ਜ਼ੋਰਦਾਰ ਹਮਲੇ ਦੇ ਨਾਲ 40 ਚਾਲਾਂ ਵਿਚ ਜਿੱਤ ਦਰਜ ਕਰ ਲਈ। ਭਾਰਤ ਦੀ ਹਰਿਕਾ ਦ੍ਰੋਣਾਵਲੀ ਵੀ ਪਿਛਲੇ ਮੈਚ ਦੀ ਹਾਰ ਤੋਂ ਉਭਰਦੇ ਹੋਏ ਸਵੀਡਨ ਦੀ ਪਿਯਾ ਕ੍ਰਾਮਲਿੰਗ ਨੂੰ ਹਰਾ ਕੇ ਵਾਪਸੀ ਕਰਨ ਵਿਚ ਕਾਮਯਾਬ ਰਹੀ। ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੀ ਜੂ ਵੇਂਜੂਨ ਨੇ ਰੂਸ ਦੀ ਗੁਨਿਨਾ ਵੈਲੇਂਟਿਨਾ ਨੂੰ ਹਰਾ ਕੇ ਆਪਣੀ ਬੜ੍ਹਤ ਬਰਕਰਾਰ ਰੱਖੀ। 7 ਰਾਊਂਡਾਂ ਤੋਂ ਬਾਅਦ ਚੀਨ ਦੀ ਜੂ ਵੇਂਜੂਨ 5.5 ਅੰਕ ਬਣਾ ਕੇ ਪਹਿਲੇ, ਭਾਰਤ ਦੀ ਕੋਨੇਰੂ ਹੰਪੀ 5 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਰੂਸ ਦੀ ਲਗਨੋ ਕਾਟੋਰਯਨਾ ਅਤੇ ਅਲਕਸਾਂਦ੍ਰਾ ਗੋਰਯਾਚਿਕਨਾ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੀਆਂ ਹਨ।

Gurdeep Singh

This news is Content Editor Gurdeep Singh