ਪੰਡਯਾ ਦੀਆਂ ਮਹਿਲਾਵਾਂ ''ਤੇ ਟਿੱਪਣੀਆਂ ਬੇਹੱਦ ਨਿਰਾਸ਼ਾਜਨਕ : ਐਲੀ ਅਵਰਾਮ

01/20/2019 9:05:11 PM

ਜਲੰਧਰ — ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਮਹਿਲਾਵਾਂ 'ਤੇ ਸ਼ਰਮਨਾਕ ਟਿੱਪਣੀਆਂ ਕਰਨ ਤੋਂ ਬਾਅਦ ਲਗਾਤਾਰ ਆਲੋਚਨਾਵਾਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਹੁਣ ਇਸ ਕ੍ਰਮ ਵਿਚ ਉਸਦੀ ਸਾਬਕਾ ਪ੍ਰੇਮਿਕਾ ਮੰਨੀ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ ਦਾ ਬਿਆਨ ਸਾਹਮਣੇ ਆਇਆ ਹੈ। ਐਲੀ ਨੇ ਸਾਫ ਤੌਰ 'ਤੇ ਹਾਰਦਿਕ ਦੇ ਬਿਆਨ ਨੂੰ ਨਿਰਾਸ਼ਾਜਨਕ ਕਿਹਾ ਹੈ। ਐਲੀ ਨੇ ਕਿਹਾ ਕਿ ਮੈਂ ਹੁਣੇ ਹੀ ਭਾਰਤ ਪਰਤੀ ਹਾਂ। ਅਜਿਹੇ ਸਵਾਲ ਮੈਨੂੰ ਇੱਥੇ ਪੱਤਰਕਾਰਾਂ ਨੇ ਵੀ ਕੀਤੇ ਤੇ ਉਨ੍ਹਾਂ ਦੇ ਮੈਸੇਜ ਵੀ ਮੇਰੇ ਕੋਲ ਆਏ ਪਰ ਉਸ ਦੌਰਾਨ ਮੈਨੂੰ ਇਸ ਬਾਰੇ ਵਿਚ ਕੁਝ ਵੀ ਨਹੀਂ ਪਤਾ ਸੀ, ਅਜਿਹੇ ਵਿਚ  ਕੁਝ ਦਿਨ ਪਹਿਲਾਂ ਹੀ ਮੈਂ ਉਹ ਵਿਵਾਦਪੂਰਨ ਟਿੱਪਣੀਆਂ ਵਾਲੀ ਫੁਟੇਜ ਦੇਖੀ। ਹਾਰਦਿਕ ਦਾ ਇਸ ਤਰ੍ਹਾਂ ਮਹਿਲਾਵਾਂ 'ਤੇ ਟਿੱਪਣੀਆਂ ਕਰਨਾ ਬੇਹੱਦ ਨਿਰਾਸ਼ਾਜਨਕ ਹੈ। ਮੈਨੂੰ ਥੋੜ੍ਹਾ ਧੱਕਾ ਲੱਗਾ ਕਿਉਂਕਿ ਮੈਂ ਤਾਂ ਹਾਰਦਿਕ ਨੂੰ ਨਿੱਜੀ ਤੌਰ 'ਤੇ ਜਾਣਦੀ ਸੀ ਪਰ ਇਸ ਤਰ੍ਹਾਂ ਹਾਰਦਿਕ ਖੁਦ ਦੀਆਂ ਵਿਵਾਦਪੂਰਨ ਟਿੱਪਣੀਆਂ ਨਾਲ ਆਲੋਚਨਾ ਦਾ ਸ਼ਿਕਾਰ ਹੋਇਆ, ਇਹ ਬਹੁਤ ਚੰਗਾ ਹੋਇਆ ਹੈ ਕਿਉਂਕਿ ਕਿਸੇ ਦੇ ਵੀ ਬਾਰੇ ਵਿਚ ਇਸ ਤਰ੍ਹਾਂ ਨਾਲ ਸੋਚਣਾ ਤੁਹਾਨੂੰ ਕੂਲ ਨਹੀਂ ਬਣਾਉਂਦਾ ਹੈ।
ਐਲੀ ਨੇ ਅੱਗੇ ਕਿਹਾ ਕਿ ਮੈਂ ਲੋਕਾਂ ਦੇ ਬਾਰੇ ਵਿਚ ਕਹਾਂਗੀ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਦੀ ਹੁਣ ਆਲੋਚਨਾ ਕਰਦੇ ਹਨ ਤੇ ਸੋਸ਼ਲ ਮੀਡੀਆ 'ਤੇ ਆ ਕੇ ਆਪਣੀ ਗੱਲ ਰੱਖਦੇ ਹਨ। ਸਾਡੇ ਸਮਾਜ ਨੂੰ ਹੁਣ ਇਹੋ ਜਿਹੇ ਵਤੀਰੇ ਬਰਦਾਸ਼ਤ ਨਹੀਂ ਹਨ। ਇਸ ਤਰ੍ਹਾਂ ਦੀ ਮਾਨਸਿਕਤਾ ਸਾਡੇ ਸਮਾਜ ਵਿਚ ਹੁਣ ਕੋਈ ਨਹੀਂ ਚਾਹੁੰਦਾ। ਇਹ ਹੁਣ ਕਿਸੇ ਲਈ ਵੀ ਚੰਗੀ ਨਹੀਂ ਹੈ। ਅਸੀਂ ਸਾਲ 2019 ਵਿਚ ਜੀਅ ਰਹੇ ਹਾਂ, ਜਿੱਥੇ ਮਹਿਲਾਵਾਂ ਕੋਲ ਆਵਾਜ਼ ਹੈ, ਉਹ ਆਪਣੇ ਨਾਲ ਹੋਏ ਵਤੀਰੇ 'ਤੇ ਆਪਣੀ ਆਵਾਜ਼ ਚੁੱਕ ਸਕਦੀਆਂ ਹਨ। ਮਹਿਲਾਵਾਂ ਹੁਣ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਨੂੰ ਸਿਰਫ ਇਕ ਆਬਜ਼ੈਕਟ ਦੇ ਤੌਰ 'ਤੇ ਹੀ ਦੇਖਿਆ ਜਾਵੇ।