ਬੱਲੇਬਾਜ਼ੀ ਨੂੰ ਸੌਖਾ ਰੱਖਣ ਨਾਲ ਮਿਲੀ ਸਫਲਤਾ : ਗ੍ਰਾਂਡਹੋਮ

06/20/2019 2:14:12 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਨੂੰ ਖੇਡੇ ਗਏ ਆਈ.ਸੀ.ਸੀ. ਵਰਲਡ ਕੱਪ 'ਚ ਮੁਸ਼ਕਲ ਪਿੱਚ 'ਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪਿਆ ਸੀ ਪਰ ਕੋਲਿਨ ਡਿ ਗ੍ਰਾਂਡਹੋਮ ਇਸ ਦਾ ਅਪਵਾਦ ਰਹੇ ਜਿਨ੍ਹਾਂ ਨੇ ਆਪਣੀ ਸਫਲਤਾ ਦਾ ਸਿਹਰਾ ਬੱਲੇਬਾਜ਼ੀ ਨੂੰ ਸੌਖਾ ਰੱਖਣ ਨੂੰ ਦਿੱਤਾ। ਮੈਚ 'ਚ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਨਾਲ ਜਿੱਤ ਦਿਵਾਉਣ 'ਚ ਗ੍ਰਾਂਡਹੋਮ (47 ਗੇਂਦਾਂ 'ਚ 60 ਦੌੜਾਂ) ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਮੈਚ ਤੋਂ ਬਾਅਦ ਕਿਹਾ, ''ਮੈਂ ਗੇਂਦ ਨੂੰ ਅੰਤ ਤਕ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹਿੱਟ ਕਰ ਰਿਹਾ ਸੀ ਅਤੇ ਇਹ ਮੇਰੇ ਲਈ ਕਾਰਗਰ ਰਿਹਾ। ਮੇਰੇ ਖੇਡਣ ਦਾ ਇਹੋ ਤਰੀਕਾ ਹੈ। ਇਹ ਮੇਰੇ ਲਈ ਚੰਗਾ ਰਿਹਾ। ਮੈਂ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਕਦੀ ਸਫਲ ਰਹਿੰਦਾ ਹਾਂ, ਕਦੀ ਨਹੀਂ। ਅੱਜ ਸਫਲ ਰਿਹਾ। ਕ੍ਰਿਕਟ ਸਧਾਰਨ ਖੇਡ ਹੈ।''

ਜਿੱਤ ਲਈ 49 ਓਵਰ 'ਚ 242 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਇਕ ਸਮੇਂ 137 ਦੌੜਾਂ 'ਤੇ ਪੰਜ ਵਿਕਟ ਗੁਆ ਕੇ ਮੁਸ਼ਕਲ 'ਚ ਸੀ ਪਰ ਕਪਤਾਨ ਕੇਨ ਵਿਲੀਅਮਸਨ (138 ਗੇਂਦ 'ਚ ਅਜੇਤੂ 106) ਦੇ ਨਾਲ ਉਨ੍ਹਾਂ 91 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦੇ ਨਜ਼ਦੀਕ ਲੈ ਗਏ। ਗ੍ਰਾਂਡਹੋਮੇ ਨੇ ਮੰਨਿਆ ਕਿ ਕ੍ਰੀਜ਼ 'ਤੇ ਉਨ੍ਹਾਂ ਦੇ ਨਾਲ ਵਿਲੀਅਮਸਨ ਜਿਹੇ ਖਿਡਾਰੀ ਦੀ ਮੌਜੂਦਗੀ ਨਾਲ ਉਨ੍ਹਾਂ ਦਾ ਕੰਮ ਸੌਖਾ ਹੋ ਗਿਆ। ਉਨ੍ਹਾਂ ਕਿਹਾ, ''ਦੂਜੇ ਪਾਸੇ ਵਿਲੀਅਮਸਨ ਦੇ ਹੋਣ ਨਾਲ ਮੇਰਾ ਕੰਮ ਬਹੁਤ ਸੌਖਾ ਹੋ ਗਿਆ। ਉਹ ਸ਼ਾਨਦਾਰ ਖਿਡਾਰੀ ਹਨ। ਉਸ ਨੇ ਮੈਨੂੰ ਬਹੁਤ ਜ਼ਿਆਦਾ ਸਲਾਹ ਨਹੀਂ ਦਿੱਤੀ, ਮੈਂ ਵੀ ਜ਼ਿਆਦਾ ਸਲਾਹ ਨਹੀਂ ਲੈਂਦਾ ਹਾਂ।'' ਦੱਖਣੀ ਅਫਰੀਕਾ ਲਈ ਸਰਵਉੱਚ ਸਕੋਰਰ ਰਹੇ ਵਾਨ ਡੇਰ ਡਸਨ (64 ਗੇਂਦ 'ਚ ਅਜੇਤੂ 67 ਦੌੜਾਂ) ਨੇ ਕਿਹਾ ਕਿ ਉਨ੍ਹਾਂ ਲਈ ਇਹ ਸਿੱਖਣ ਦਾ ਸ਼ਾਨਦਾਰ ਮੌਕਾ ਸੀ। ਡਸਨ ਨੇ ਕਿਹਾ, ''ਹਰ ਮੈਚ 'ਚ ਚੰਗਾ ਪ੍ਰਦਰਸ਼ਨ ਕਰਕੇ ਕੁਝ ਸਿੱਖਣਾ ਚਾਹੁੰਦਾ ਹਾਂ। ਮੇਰੇ ਲਈ ਇੱਥੇ ਹਰ ਮੁਕਾਬਲਾ ਇਕ ਤਜਰਬਾ ਹੈ।''

Tarsem Singh

This news is Content Editor Tarsem Singh