WC 'ਚ ਸਚਿਨ-ਲਾਰਾ ਦੇ ਕਲੱਬ 'ਚ ਸ਼ਾਮਲ ਹੋਣਗੇ ਗੇਲ, ਨਾਲ ਹੀ ਬਣਨਗੇ 'ਸਿਕਸਰ ਕਿੰਗ'

05/24/2019 5:32:32 PM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਬ੍ਰਿਟੇਨ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ 'ਚ ਉਤਰਨ ਦੇ ਨਾਲ ਹੀ ਪੰਜ ਜਾਂ ਇਸ ਤੋਂ ਵੱਧ ਵਾਰ ਇਸ ਕ੍ਰਿਕਟ ਦੇ ਮਹਾਕੁੰਭ 'ਚ ਸ਼ਾਮਲ ਹੋਣ ਵਾਲੇ ਕ੍ਰਿਕਟਰਾਂ ਦੇ ਖਾਸ ਕਲੱਬ 'ਚ ਸ਼ਾਮਲ ਹੋਣ ਵਾਲੇ ਦੁਨੀਆ ਦੇ 19ਵੇਂ ਖਿਡਾਰੀ ਬਣ ਜਾਣਗੇ।

ਭਾਰਤ ਦੇ ਸਚਿਨ ਤੇਂਦੁਲਕਰ ਅਤੇ ਪਾਕਿਸਤਾਨ ਦੇ ਜਾਵੇਦ ਮਿਆਂਦਾਦ ਸਭ ਤੋਂ ਜ਼ਿਆਦਾ 6-6 ਵਾਰ ਵਿਸ਼ਵ ਕੱਪ ਖੇਡੇ ਹਨ ਪਰ 16 ਅਜਿਹੇ ਖਿਡਾਰੀ ਹਨ ਜੋ ਪੰਜ ਵਿਸ਼ਵ ਕੱਪ ਖੇਡੇ ਹਨ। ਇਸ 'ਚ ਬ੍ਰਾਇਨ ਲਾਰਾ, ਇਮਰਾਨ ਖਾਨ, ਅਰਜੁਨ ਰਾਣਾਤੁੰਗਾ, ਮੁਥਈਆ ਮੁਰਲੀਧਰਨ, ਵਸੀਮ ਅਕਰਮ, ਰਿਕੀ ਪੋਂਟਿੰਗ, ਜਾਕ ਕੈਲਿਸ ਆਦਿ ਸ਼ਾਮਲ ਹਨ। ਗੇਲ ਹੁਣ ਲਾਰਾ ਅਤੇ ਸ਼ਿਵਨਾਰਾਇਣ ਚੰਦਰਪਾਲ ਦੇ ਬਾਅਦ ਇਸ ਸੂਚੀ 'ਚ ਸ਼ਾਮਲ ਹੋਣ ਵਾਲੇ ਤੀਜੇ ਕੈਰੇਬੀਆਈ ਖਿਡਾਰੀ ਬਣਨਗੇ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਮੇਤ 7 ਖਿਡਾਰੀ ਚੌਥੀ ਵਾਰ ਵਿਸ਼ਵ ਕੱਪ 'ਚ ਸ਼ਿਰਕਤ ਕਰਨਗੇ। ਧੋਨੀ 2007 ਤੋਂ ਇਸ ਟੂਰਨਾਮੈਂਟ 'ਚ ਖੇਡ ਰਹੇ ਹਨ ਅਤੇ 2011 'ਚ ਉਨ੍ਹਾਂ ਦੀ ਅਗਵਾਈ 'ਚ ਭਾਰਤੀ ਟੀਮ ਚੈਂਪੀਅਨ ਬਣੀ ਸੀ। ਉਨ੍ਹਾਂ ਨੇ ਅਜੇ ਤਕ ਵਿਸ਼ਵ ਕੱਪ 'ਚ 20 ਮੈਚਾਂ 'ਚ 507 ਦੌੜਾਂ ਬਣਾਈਆਂ ਹਨ ਅਤੇ 32 ਸ਼ਿਕਾਰ ਕੀਤੇ ਹਨ। ਬੰਗਲਾਦੇਸ਼ ਦੇ ਚਾਰ ਖਿਡਾਰੀ ਆਪਣੇ ਚੌਥੇ ਵਿਸ਼ਵ ਕੱਪ 'ਚ ਹਿੱਸਾ ਲੈਣਗੇ। ਇਸ 'ਚ ਕਪਤਾਨ ਮਸ਼ਰਫੇ ਮੁਰਤਜਾ ਵੀ ਸ਼ਾਮਲ ਹਨ ਜੋ ਗੇਲ ਦੇ ਬਾਅਦ ਇਕਮਾਤਰ ਖਿਡਾਰੀ ਹਨ ਜਿਨ੍ਹਾਂ ਨੇ 2003 ਵਿਸ਼ਵ ਕੱਪ 'ਚ ਵੀ ਹਿੱਸਾ ਲਿਆ ਸੀ ਪਰ ਉਹ 2011 ਵਿਸ਼ਵ ਕੱਪ 'ਚ ਟੀਮ ਦਾ ਹਿੱਸਾ ਨਹੀਂ ਸਨ। ਉਨ੍ਹਾਂ ਤੋਂ ਇਲਾਵਾ ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ ਅਤੇ ਤਮੀਮ ਇਕਬਾਲ 2007 ਤੋਂ ਤਿੰਨੇ ਵਿਸ਼ਵ ਕੱਪ 'ਚ ਖੇਡੇ ਹਨ।

ਨਿਊਜ਼ੀਲੈਂਡ ਦੇ ਰੋਸ ਟੇਲਰ ਅਤੇ ਸ਼੍ਰੀਲੰਕਾ ਦੇ ਲਸਿਥ ਮਲਿੰਗਾ ਲਗਾਤਾਰ ਚੌਥਾ ਵਿਸ਼ਵ ਕੱਪ ਖੇਡਣਗੇ। ਵਰਤਮਾਨ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ 'ਚ ਡੈਬਿਊ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਤਜਰਬੇਕਾਰ ਗੇਲ ਦੇ ਨਿਸ਼ਾਨੇ 'ਤੇ ਕੁਝ ਖਾਸ ਰਿਕਾਰਡ ਹੋਣਗੇ। ਇਸ 'ਚ ਹਰ ਚਾਰ ਸਾਲ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਵੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਸਿਰਫ ਇਕ ਛੱਕੇ ਦੀ ਜ਼ਰੂਰਤ ਹੈ। ਗੇਲ ਅਜੇ ਤਕ 2003, 2007, 2011 ਅਤੇ 2015 ਵਿਸ਼ਵ ਕੱਪ 'ਚ ਖੇਡ ਚੁੱਕੇ ਹਨ ਜਿਸ 'ਚ ਉਨ੍ਹਾਂ ਨੇ 26 ਮੈਚਾਂ 'ਚ 37.37 ਦੀ ਔਸਤ ਨਾਲ 944 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ 215 ਦੌੜਾਂ ਦੀ ਇਕ ਪਾਰੀ ਵੀ ਸ਼ਾਮਲ ਹੈ। ਟੂਰਨਾਮੈਂਟ 'ਚ ਪਹਿਲਾ ਛੱਕਾ ਲਗਾਉਂਦੇ ਹੀ ਗੇਲ ਵਿਸ਼ਵ ਕੱਪ ਦੇ 'ਸਿਕਸਰ ਕਿੰਗ' ਬਣ ਜਾਣਗੇ। ਵਰਤਮਾਨ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਬੱਲੇਬਾਜ਼ਾਂ 'ਚ ਗੇਲ ਦੇ ਬਾਅਦ ਸਭ ਤੋਂ ਜ਼ਿਆਦਾ ਛੱਕੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (20 ਛੱਕੇ) ਦੇ ਨਾਂ 'ਤੇ ਦਰਜ ਹਨ। ਮਤਲਬ ਗੇਲ ਜੋ ਰਿਕਾਰਡ ਬਣਾਉਣਗੇ ਉਸ ਦਾ ਟੁੱਟਣਾ ਫਿਲਹਾਲ ਮੁਮਕਿਨ ਨਹੀਂ ਹੋਵੇਗਾ। ਗੇਲ ਨੂੰ ਵਿਸ਼ਵ ਕੱਪ 'ਚ 1000 ਦੌੜਾਂ ਪੂਰੀਆਂ ਕਰਨ ਲਈ ਸਿਰਫ 56 ਦੌੜਾਂ ਦੀ ਜ਼ਰੂਰਤ ਹੈ। ਅਜੇ ਤਕ ਸਿਰਫ 17 ਬੱਲੇਬਾਜ਼ ਹੀ 1000 ਤੋਂ ਵੱਧ ਦੌੜਾਂ ਬਣ ਸਕੇ ਹਨ ਜਿਸ 'ਚ ਸਚਿਨ ਤੇਂਦੁਲਕਰ 2278 ਦੌੜਾਂ ਦੇ ਨਾਲ ਚੋਟੀ 'ਤੇ ਕਾਬਜ ਹਨ। ਵੈਸਟਇੰਡੀਜ਼ ਵੱਲੋਂ ਲਾਰਾ (1225) ਅਤੇ ਵਿਵ ਰਿਚਰਡਸ (1013) ਹੀ ਇਸ ਮੁਕਾਮ 'ਤੇ ਪਹੁੰਚੇ ਹਨ।

Tarsem Singh

This news is Content Editor Tarsem Singh