ਵਾਟਸਨ ਦੇ ਸੈਂਕੜੇ ਦੀ ਬਦੌਲਤ ਚੇਨਈ ਨੇ IPL ਦੇ ਖਿਤਾਬ 'ਤੇ ਕੀਤਾ ਕਬਜ਼ਾ

05/27/2018 11:53:28 PM

ਮੁੰਬਈ—ਚਮਤਕਾਰੀ ਆਲਰਾਊਂਡਰ ਸ਼ੇਨ ਵਾਟਸਨ (ਅਜੇਤੂ 117) ਦੇ ਰਿਕਾਰਡ ਸੈਂਕੜੇ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਇਥੇ ਵਾਨਖੇੜੇ ਸਟੇਡੀਅਮ 'ਚ 8 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-11 ਦਾ ਖਿਤਾਬ ਜਿੱਤ ਲਿਆ। ਚੇਨਈ ਨੇ ਦੋ ਸਾਲ ਦੀ ਪਾਬੰਦੀ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਤੀਜੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਚੇਨਈ ਇਸ ਤੋਂ ਪਹਿਲਾਂ 2010 ਤੇ 2011 ਵਿਚ ਵੀ ਚੈਂਪੀਅਨ ਰਿਹਾ ਹੈ, ਜਦਕਿ 2012, 2013 ਤੇ 2015 ਵਿਚ ਉਸ ਨੂੰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 
ਦੂਜੇ ਪਾਸੇ ਸਨਰਾਈਜ਼ਰਸ ਦੀ ਟੀਮ ਦੂਜੀ ਵਾਰ ਫਾਈਨਲ ਖੇਡ ਰਹੀ ਸੀ। ਉਹ 2016 ਵਿਚ ਚੈਂਪੀਅਨ ਬਣੀ ਸੀ। ਚੇਨਈ ਨੇ ਹੈਦਰਾਬਾਦ ਦੀਆਂ 6 ਵਿਕਟਾਂ 'ਤੇ 178 ਦੌੜਾਂ ਦੇ ਸਕੋਰ ਨੂੰ 18.3 ਓਵਰਾਂ 'ਚ 2 ਵਿਕਟਾਂ 'ਤੇ 181 ਦੌੜਾਂ ਬਣਾ ਕੇ ਪਾਰ ਕਰ ਲਿਆ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਲਈ ਇਹ ਸੱਤਵਾਂ ਫਾਈਨਲ ਲੱਕੀ ਸਾਬਤ ਹੋਇਆ। ਧੋਨੀ ਲਈ 7 ਨੰਬਰ ਲੱਕੀ ਹੈ ਤੇ ਇਸ ਖਿਤਾਬੀ ਜਿੱਤ ਦੇ ਨਾਲ ਧੋਨੀ ਨੇ ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਦੇ 3 ਵਾਰ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ। 
ਵਾਟਸਨ ਨੇ ਆਈ. ਪੀ. ਐੱਲ.-11 ਵਿਚ ਆਪਣਾ ਦੂਜਾ ਸੈਂਕੜਾ ਲਾਇਆ ਤੇ ਸਿਰਫ 57 ਗੇਂਦਾਂ 'ਤੇ ਅਜੇਤੂ 117 ਦੌੜਾਂ ਵਿਚ 11 ਚੌਕੇ ਤੇ 8 ਛੱਕੇ ਲਾਏ। ਵਾਟਸਨ ਆਈ. ਪੀ. ਐੱਲ. ਦੇ ਇਤਿਹਾਸ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਆਸਟਰੇਲੀਆ ਦੇ ਵਾਟਸਨ ਨੂੰ ਇਸ ਮੈਚ ਜੇਤੂ ਪਾਰੀ ਲਈ 'ਮੈਨ ਆਫ ਦਿ ਮੈਚ' ਪੁਰਸਕਾਰ ਮਿਲਿਆ। 
ਚੇਨਈ ਨੂੰ ਇਸ ਜਿੱਤ ਨਾਲ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦਕਿ ਹੈਦਰਾਬਾਦ ਨੂੰ ਉਪ-ਜੇਤੂ ਦੇ ਤੌਰ 'ਤੇ 12.50 ਕਰੋੜ ਰੁਪਏ ਮਿਲੇ। ਤੀਜੇ ਅਤੇ ਚੌਥੇ ਸਥਾਨ ਲਈ ਕੋਲਕਾਤਾ ਤੇ ਰਾਜਸਥਾਨ ਨੂੰ ਇਕ ਬਰਾਬਰ 8.75-8.75 ਕਰੋੜ ਰੁਪਏ ਮਿਲੇ। 
ਇਸ ਤੋਂ ਪਹਿਲਾਂ ਦੀਪਕ ਚਾਹਰ (4 ਓਵਰਾਂ 'ਚ 25 ਦੌੜਾਂ) ਤੇ ਲੂੰਗੀ ਇਨਗਿਡੀ (4 ਓਵਰਾਂ 'ਚ 26 ਦੌੜਾਂ ਦੇ ਕੇ ਇਕ ਵਿਕਟ) ਨੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ, ਜਿਸ ਨਾਲ ਪਹਿਲੇ ਚਾਰ ਓਵਰਾਂ 'ਚ ਸਿਰਫ 17 ਦੌੜਾਂ ਬਣੀਆਂ। ਇਕ ਵਾਰ ਗੇਂਦ ਬਾਊਂਡਰੀ ਦੇ ਪਾਰ ਗਈ ਤੇ ਸ਼੍ਰੀਵਤਸ ਸਵਾਮੀ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਵਿਲੀਅਮਸਨ ਤੇ ਸ਼ਿਖਰ ਧਵਨ ਨੇ ਅਗਲੇ ਦੋ ਓਵਰਾਂ 'ਚ ਇਕ-ਇਕ ਛੱਕਾ ਲਾਇਆ, ਜਿਸ ਨਾਲ ਸਨਰਾਈਜ਼ਰਸ ਪਾਵਰ ਪਲੇਅ ਖਤਮ ਹੋਣ ਤਕ 42 ਦੌੜਾਂ ਤਕ ਪਹੁੰਚ ਸਕਿਆ।
ਕਪਤਾਨ ਕੇਨ ਵਿਲੀਅਮਸਨ ਨੇ 36 ਗੇਂਦਾਂ 'ਤੇ 47 ਦੌੜਾਂ ਤੇ ਯੂਸਫ ਪਠਾਨ ਨੇ 25 ਗੇਂਦਾਂ 'ਤੇ ਅਜੇਤੂ 45 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸ਼ਿਖਰ ਧਵਨ ਨੇ 25 ਗੇਂਦਾਂ 'ਤੇ 26, ਸ਼ਾਕਿਬ ਅਲ ਹਸਨ ਨੇ 15 ਗੇਂਦਾਂ 'ਤੇ 23 ਦੌੜਾਂ ਤੇ ਕਾਰਲੋਸ ਬ੍ਰੈਥਵੇਟ ਨੇ 11 ਗੇਂਦਾਂ 'ਤੇ 21 ਦੌੜਾਂ ਬਣਾਈਆਂ।
ਇਸ ਵਿਚਾਲੇ ਵਿਲੀਅਮਸਨ ਨੇ ਆਈ. ਪੀ. ਐੱਲ.-2018 'ਚ 700 ਦੌੜਾਂ ਵੀ ਪੂਰੀਆਂ ਕਰ ਲਈਆਂ। ਉਹ ਕ੍ਰਿਸ ਗੇਲ, ਮਾਈਕਲ ਹਸੀ, ਵਿਰਾਟ ਕੋਹਲੀ ਤੇ ਡੇਵਿਡ ਵਾਰਨਰ ਤੋਂ ਬਾਅਦ ਕਿਸੇ ਇਕ ਆਈ. ਪੀ. ਐੱਲ. ਟੁਰਨਾਮੈਂਟ 'ਚ 700 ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਬੱਲੇਬਾਜ਼ ਹੈ। ਗੇਲ ਨੇ ਇਹ ਉਪਲੱਬਧੀ ਦੋ ਵਾਰ ਹਾਸਲ ਕੀਤੀ ਹੈ।