IPL 2020 CSK vs MI : ਚੇਨਈ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

09/19/2020 11:27:41 PM

ਆਬੂ ਧਾਬੀ– ਪਿਛਲੇ ਸਾਲ ਵਿਸ਼ਵ ਕੱਪ ਟੀਮ ਵਿਚ ਨਾ ਚੁਣੇ ਜਾਣ ਦੇ ਕਾਰਣ ਚਰਚਾ ਵਿਚ ਰਹੇ ਅੰਬਾਤੀ ਰਾਇਡੂ ਦੀ ਸ਼ਾਨਦਾਰ ਪਾਰੀ ਤੇ ਫਾਫ ਡੂ ਪਲੇਸਿਸ ਦੇ ਨਾਲ ਉਸਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਇੱਥੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ 13ਵੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ।


ਰਾਇਡੂ ਨੇ 48 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ ਤੇ ਫਾਫ ਡੂ ਪਲੇਸਿਸ (44 ਗੇਂਦਾਂ 'ਤੇ ਅਜੇਤੂ 58 ਦੌੜਾਂ, 6 ਚੌਕੇ) ਦੇ ਨਾਲ ਤੀਜੀ ਵਿਕਟ ਲਈ 115 ਦੌੜਾਂ ਜੋੜ ਕੇ ਚੇਨਈ ਨੂੰ ਖਰਾਬ ਸ਼ੁਰੂਆਤ ਤੋਂ ਉਭਾਰਿਆ। ਆਖਰੀ ਪਲਾਂ ਵਿਚ ਸੈਮ ਕਿਊਰਨ ਨੇ 2 ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ। ਚੇਨਈ ਨੇ 19.2 ਓਵਰਾਂ ਵਿਚ 5 ਵਿਕਟਾਂ 'ਤੇ 166 ਦੌੜਾਂ ਬਣਾਈਆਂ।


ਇਸ ਤੋਂ ਪਹਿਲਾਂ ਲੂੰਗੀ ਇਨਗਿਡੀ ਦੀ ਅਗਵਾਈ ਵਿਚ ਡੈੱਥ ਓਵਰਾਂ ਦੀ ਕਸੀ ਹੋਈ ਗੇਂਦਬਾਜ਼ੀ ਤੇ ਫਾਫ ਡੂ ਪਲੇਸਿਸ ਦੀ ਸ਼ਾਨਦਾਰ ਫੀਲਡਿੰਗ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦੇ ਉਦਘਾਟਨੀ ਮੈਚ ਵਿਚ ਮੁੰਬਈ ਨੂੰ 9 ਵਿਕਟਾਂ 'ਤੇ 162 ਦੌੜਾਂ ਹੀ ਬਣਾਉਣ ਦਿੱਤੀਆਂ ਸਨ। ਮੁੰਬਈ ਇਕ ਸਮੇਂ 180 ਤੋਂ ਵੱਧ ਦੌੜਾਂ ਬਣਾਉਣ ਦੀ ਸਥਿਤੀ ਵਿਚ ਦਿਸ ਰਹੀ ਸੀ ਪਰ ਉਸ ਨੇ ਆਖਰੀ 6 ਓਵਰਾਂ ਵਿਚ ਸਿਰਫ 41 ਦੌੜਾਂ ਹੀ ਬਣਾਈਆਂ ਤੇ ਇਸ ਵਿਚਾਲੇ 6 ਵਿਕਟਾਂ ਵੀ ਗੁਆਈਆਂ ਤੇ ਇਹ ਹੀ ਉਸਦੀ ਹਾਰ ਦਾ ਕਾਰਣ ਬਣਿਆ। ਉਸ ਵਲੋਂ ਸੌਰਭ ਤਿਵਾੜੀ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਇਸ ਦੇ ਲਈ ਉਸ ਨੇ 31 ਗੇਂਦਾਂ ਖੇਡੀਆਂ ਤੇ 3 ਚੌਕੇ ਤੇ 1 ਛੱਕਾ ਲਾਇਆ। ਚੇਨਈ ਲਈ ਇਨਗਿਡੀ ਨੇ 3 ਜਦਕਿ ਦੀਪਕ ਚਾਹਰ ਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਹਾਸਲ ਕੀਤੀਆਂ।


ਲੰਬੇ ਸਮੇਂ ਬਾਅਦ ਮੁਕਾਬਲੇਬਾਜ਼ੀ ਮੈਚ ਖੇਡ ਰਹੇ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤਿਆ ਤੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਵਿਚਾਲੇ ਤਕਰੀਬਨ 6 ਮਹੀਨਿਆਂ ਬਾਅਦ ਭਾਰਤੀ ਕ੍ਰਿਕਟ ਵਿਚ ਰੌਣਕਾਂ ਪਰਤ ਆਈਆਂ। ਹਾਲਾਂਕਿ ਮੌਜੂਦਾ ਸੈਸ਼ਨ ਜੈਵ ਸੁਰੱਿਖਅਤ ਮਾਹੌਲ ਵਿਚ ਹੋ ਰਿਹਾ ਹੈ ਤੇ ਸਟੇਡੀਅਮ ਵਿਚ ਦਰਸ਼ਕਾਂ ਨੂੰ ਐਂਟਰੀ ਨਹੀਂ ਹੈ ਤੇ ਉਹ ਸਿਰਫ ਤੇ ਸਿਰਫ ਆਪਣੀ-ਆਪਣੀ ਟੀਮ ਦੀ ਹੌਸਲਾ ਅਫਜ਼ਾਈ ਮੈਚ ਨੂੰ ਟੀ. ਵੀ. 'ਤੇ ਹੀ ਦੇਖ ਕੇ ਕਰ ਸਕਦੇ ਹਨ।


ਟੀਮਾਂ ਇਸ ਤਰ੍ਹਾਂ ਹਨ : 
ਚੇਨਈ ਸਪੁਰਕਿੰਗਜ਼ ਦੀ ਟੀਮ -
ਮਹਿੰਦਰ ਸਿੰਘ ਧੋਨੀ, ਇਮਰਾਨ ਤਾਹਿਰ, ਲੂੰਗੀ ਇਨਗਿਡੀ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਅੰਬਾਤੀ ਰਾਇਡੂ, ਮੁਰਲੀ ਵਿਜੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਦੀਪਕ ਚਾਹਰ, ਪਿਊਸ਼ ਚਾਵਲਾ, ਨਾਰਾਇਣ ਜਗਦੀਸ਼ਨ, ਮਿਸ਼ੇਲ ਸੈਂਟਨਰ, ਕੇ. ਐੱਮ. ਆਸਿਫ, ਸ਼ਾਰਦੁਲ ਠਾਕੁਰ, ਆਰ. ਸਾਈ ਕਿਸ਼ੋਰ, ਫਾਫ ਡੂ ਪਲੇਸਿਸ, ਮੋਨੂ ਕੁਮਾਰ, ਡਵੇਨ ਬ੍ਰਾਵੋ, ਜੋਸ਼ ਹੇਜ਼ਲਵੁਡ, ਸੈਮ ਕਿਊਰਨ, ਕਰਨ ਸ਼ਰਮਾ।
ਮੁੰਬਈ ਇੰਡੀਅਨਜ਼ - ਰੋਹਿਤ ਸ਼ਰਮਾ, ਅਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨਕੁਲ ਰਾਏ, ਧਵਲ ਕੁਲਕਰਨੀ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ, ਜਸਪ੍ਰੀਤ ਬੁਮਰਾਹ, ਜੈਯੰਤ ਜਾਧਵ, ਕਿਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਕਵਿੰਟਨ ਡੀ ਕੌਕ, ਰਾਹੁਲ ਚਾਹਰ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਕ੍ਰਿਸ ਲਿਨ, ਨਾਥਨ ਕਾਲਟ ਨਾਇਲ, ਸੌਰਭ ਤਿਵਾੜੀ, ਮੋਹਸਿਨ ਖਾਨ, ਦਿਗਵਿਜੇ ਦੇਸ਼ਮੁਖ, ਪ੍ਰਿੰਸ ਬਲਵੰਤ ਰਾਏ ਸਿੰਘ, ਜੈਮਸ ਪੇਟਿੰਸਨ।

Gurdeep Singh

This news is Content Editor Gurdeep Singh